Skip to main content

Gee 98News

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਬਰਨਾਲਾ,4 ਜੂਨ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ ਕਲਾਸ ਦੀਆਂ ਪ੍ਰੀਖਿਆਵਾਂ ਮੌਕੇ ਇੱਕ ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਕਰਕੇ ਚਰਚਾ ਵਿੱਚ ਆਉਣ ਵਾਲੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜਿਸ (ਕੰਨਿਆ) ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਵਿਭਾਗ ਨੇ ਬਦਲੀ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਵਿਭਾਗ ਵੱਲੋਂ 4 ਜੂਨ ਨੂੰ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਸੋਨਾਲੀ ਗਿਰਿ ਦੇ ਦਸਤਖ਼ਤਾਂ ਹੇਠ ਜਾਰੀ ਹੁਕਮਾਂ ਵਿੱਚ ਸੂਬੇ ਦੇ 17 ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗੱਲਾਂ ਹਨ ਜਿਨਾਂ ਵਿੱਚ ਸਰਦਾਰ ਸੇਵਾ ਸਿੰਘ ਸਸਸ (ਕ) ਠੀਕਰੀਵਾਲਾ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਿਖੇ ਬਦਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਘੱਟ ਹਾਜ਼ਰੀਆਂ ਦੇ ਆਧਾਰ ‘ਤੇ ਪ੍ਰਿੰਸੀਪਲ ਸੰਜੇ ਸਿੰਗਲਾ ਨੇ ਠੀਕਰੀਵਾਲਾ ਕੰਨਿਆ ਸਕੂਲ ਦੀ ਇੱਕ ਅੱਠਵੀਂ ਕਲਾਸ ਦੀ ਵਿਦਿਆਰਥਣ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਸੀ ਜਦਕਿ ਵਿਭਾਗ ਵੱਲੋਂ ਬਕਾਇਦਾ ਵਿਦਿਆਰਥਣ ਨੂੰ ਰੋਲ ਨੰਬਰ ਜਾਰੀ ਹੋ ਚੁੱਕਿਆ ਸੀ ਇਸ ਮਾਮਲੇ ਦੀ ਮੀਡੀਆ ਵਿੱਚ ਆਉਣ ਤੋਂ ਬਾਅਦ ਸਮੁੱਚੇ ਪੰਜਾਬ ‘ਚ ਚਰਚਾ ਹੋਈ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਦੇ ਆਧਾਰ ‘ਤੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਬਦਲੀ ਪ੍ਰਬੰਧਕੀ ਆਧਾਰ ‘ਤੇ ਬਰਨਾਲਾ ਤੋਂ ਤੀਜੇ ਚੌਥੇ ਜ਼ਿਲ੍ਹੇ ਵਿੱਚ ਕੀਤੀ ਗਈ ਹੈ। ਵਿਦਿਆਰਥਣ ਦਾ ਰੋਲ ਨੰਬਰ ਰੋਕੇ ਜਾਣ ਦੀ ਘਟਨਾ ਤੋਂ ਇਲਾਵਾ ਵੀ ਸਕੂਲ ਵਿੱਚ ਆਈ 30-32 ਲੱਖ ਦੀ ਗ੍ਰਾਂਟ ਵਾਪਸ ਕੀਤੇ ਜਾਣ ਦੇ ਮਾਮਲੇ ਵਿੱਚ ਵੀ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਿੰਡ ਵਾਸੀਆਂ ਨੇ ਵੀ ਪ੍ਰਿੰਸੀਪਲ ਸੰਜੇ ਸਿੰਗਲਾ ਦੀਆਂ ਸ਼ਿਕਾਇਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਸਨ। ‌ ਪਿੰਡ ਠੀਕਰੀਵਾਲਾ ਦੇ ਸਰਪੰਚ ਕਿਰਨਜੀਤ ਸਿੰਘ ਨੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਬਦਲੀ ਸਬੰਧੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਪੰਚਾਇਤ, ਸਕੂਲ ਸਿੱਖਿਆ ਕਮੇਟੀ ਅਤੇ ਪਿੰਡ ਵਾਸੀਆਂ ਦੇ ਪੈਦਾ ਹੋਏ ਤਣਾਅ ਦੇ ਕਾਰਨ ਪਿੰਡ ਅਤੇ ਸਕੂਲ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਸੀ।

error: Content is protected !!