Gee 98News

ਕਾਨੂੰਨੀ ਨੁਕਤਾ….ਮਰੀਜ਼ ਦੀ ਮੌਤ ਦੇ ਮਾਮਲੇ ‘ਚ ਡਾਕਟਰ ਨੂੰ ਤਲਬ ਕਰਨ ਸਬੰਧੀ ਹਾਈਕੋਰਟ ਦੀ ਵੱਡੀ ਸਟੇਟਮੈਂਟ

ਚੰਡੀਗੜ੍ਹ , 16 ਜੂਨ , Gee98 news service-

-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਸੇ ਹਸਪਤਾਲ ਵਿੱਚ ਮਰੀਜ਼ ਦੀ ਮੌਤ ਦੇ ਸਬੰਧ ਵਿੱਚ ਡਾਕਟਰਾਂ ਦੀ ਲਾਪਰਵਾਹੀ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਹਿਮ ਟਿੱਪਣੀ ਕੀਤੀ ਹੈ। ਹਾਈਕੋਰਟ ਦੇ ਮਾਨਯੋਗ ਜਸਟਿਸ ਮਨੀਸ਼ਾ ਬੱਤਰਾ ਦੀ ਬੈਂਚ ਨੇ ਡਾਕਟਰੀ ਲਾਪਰਵਾਹੀ ਦੇ ਮਾਮਲਿਆਂ ਵਿੱਚ ਡਾਕਟਰਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਸਬੰਧੀ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਿਸੇ ਸੁਤੰਤਰ ਅਤੇ ਸਮਰੱਥ ਮੈਡੀਕਲ ਮਾਹਿਰ ਦੀ ਰਾਇ ਤੋਂ ਬਿਨਾਂ ਡਾਕਟਰਾਂ ਨੂੰ ਅਪਰਾਧਿਕ ਮੁਕੱਦਮੇ ਵਿੱਚ ਤਲਬ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਿਰਫ਼ ਮਰੀਜ਼ ਦੀ ਮੌਤ ਹੋ ਜਾਣ ਜਾਂ ਇਲਾਜ ਸਫ਼ਲ ਨਾ ਹੋਣ ਦੇ ਆਧਾਰ ‘ਤੇ ਡਾਕਟਰ ਨੂੰ ਅਪਰਾਧਿਕ ਲਾਪਰਵਾਹੀ ਦਾ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਇਹ ਮਾਮਲਾ ਤਰਨਤਾਰਨ ਦੀ ਇੱਕ ਮਹਿਲਾ ਦੀ ਜਣੇਪੇ ਤੋਂ ਬਾਅਦ ਹੋਈ ਮੌਤ ਨਾਲ ਸਬੰਧਤ ਹੈ। ਸ਼ਿਕਾਇਤਕਰਤਾ ਪਤੀ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਨੂੰ ਜਣੇਪੇ ਦੀ ਪੀੜ੍ਹਾ ਦੌਰਾਨ ਇੱਕ ਨਰਸਿੰਗ ਹੋਮ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਪਹਿਲਾਂ ਆਮ ਜਣੇਪੇ ਦਾ ਭਰੋਸਾ ਦਿੱਤਾ ਗਿਆ ਪਰ ਬਾਅਦ ਵਿੱਚ ਆਪ੍ਰੇਸ਼ਨ ਕੀਤਾ ਗਿਆ ਅਤੇ ਜੁੜਵਾਂ ਧੀਆਂ ਦੇ ਜਨਮ ਤੋਂ ਬਾਅਦ ਮਹਿਲਾ ਦੀ ਹਾਲਤ ਵਿਗੜ ਗਈ ਅਤੇ ਦੂਜੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਤੀ ਵੱਲੋਂ ਦਾਇਰ ਅਪਰਾਧਿਕ ਸ਼ਿਕਾਇਤ ‘ਤੇ ਨਿਆਂਇਕ ਮੈਜਿਸਟਰੇਟ ਨੇ ਡਾਕਟਰਾਂ ਨੂੰ ਲਾਪਰਵਾਹੀ ਨਾਲ ਮੌਤ ਦੇ ਮਾਮਲੇ ਸਮੇਤ ਹੋਰ ਧਾਰਾਵਾਂ ਤਹਿਤ ਤਲਬ ਕਰ ਲਿਆ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਹਾਈਕੋਰਟ ਦਾ ਰੁਖ ਕੀਤਾ। ਸੁਣਵਾਈ ਦੌਰਾਨ ਡਾਕਟਰਾਂ ਨੇ ਦਲੀਲ ਦਿੱਤੀ ਕਿ ਰਿਕਾਰਡ ‘ਤੇ ਅਜਿਹਾ ਕੋਈ ਮੈਡੀਕਲ ਸਬੂਤ ਨਹੀਂ ਹੈ ਜੋ ਉਨ੍ਹਾਂ ਦੀ ਲਾਪਰਵਾਹੀ ਸਾਬਤ ਕਰਦਾ ਹੋਵੇ ਅਤੇ ਜਾਂਚ ਕਮੇਟੀ ਵੀ ਆਪਣੀ ਰਿਪੋਰਟ ਵਿੱਚ ਉਨ੍ਹਾਂ ਨੂੰ ਦੋਸ਼ਮੁਕਤ ਕਰਾਰ ਦੇ ਚੁੱਕੀ ਸੀ। ਹਾਈਕੋਰਟ ਨੇ ਇਸ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਡਾਕਟਰਾਂ ਦੇ ਖਿਲਾਫ ਜਾਰੀ ਸੰਮਨ ਰੱਦ ਕਰ ਦਿੱਤੇ।

error: Content is protected !!