Gee 98News

ਪੰਜਾਬ ਸਰਕਾਰ ਦਾ ਸੂਬੇ ਦੇ ਸਰਪੰਚਾਂ ਲਈ ਵੱਡਾ ਐਲਾਨ

ਚੰਡੀਗੜ੍ਹ,25 ਜੂਨ, Gee98 news service-

-ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਪੰਚਾਂ ਨੂੰ ਇਸ ਵਰ੍ਹੇ ਦੇ ਆਜ਼ਾਦੀ ਦਿਵਸ ਤੋਂ 10 ਹਜ਼ਾਰ ਰੁਪਏ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਹੈ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਜ਼ਿਲ੍ਹੇ ‘ਚ ਇੱਕ ਸਮਾਗਮ ਦੌਰਾਨ ਕਿਹਾ ਕਿ ਸਰਕਾਰ 15 ਅਗਸਤ ਤੋਂ ਸੂਬੇ ਦੇ ਸਾਰੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਮਾਣਭੱਤਾ ਉਹਨਾਂ ਦੇ ਖਾਤਿਆਂ ਵਿੱਚ ਪਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਦੀ ਵਿਕਾਸ ਅਤੇ ਪ੍ਰਸ਼ਾਸਨਿਕ ਕਾਰਜਾਂ ਵਿੱਚ ਅਹਿਮ ਭੂਮਿਕਾ ਨੂੰ ਵੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ‘ਚ ਅਕਤੂਬਰ 2024 ‘ਚ ਹੋਈਆਂ ਪੰਚਾਇਤ ਚੋਣਾਂ ਵਿੱਚ 13,225 ਸਰਪੰਚ ਚੁਣੇ ਗਏ ਸਨ। ਪੰਜਾਬ ਦੀਆਂ ਮੌਜੂਦਾ ਪੰਚਾਇਤਾਂ ਦਾ ਪੰਜ ਸਾਲਾਂ ਦਾ ਕਾਰਜਕਾਲ ਅਕਤੂਬਰ 2029 ਤੱਕ ਬਣਦਾ ਹੈ। ਪੰਜਾਬ ਸਰਕਾਰ ਜੇਕਰ ਆਪਣੇ ਐਲਾਨ ਮੁਤਾਬਿਕ ਸਰਪੰਚਾਂ ਨੂੰ 10 ਹਜ਼ਾਰ ਪ੍ਰਤੀ ਮਾਣ ਭੱਤਾ ਦਿੰਦੀ ਹੈ ਤਾਂ ਇਸ ਨਾਲ ਸੂਬੇ ਦੇ ਖਜ਼ਾਨੇ ‘ਤੇ ਪ੍ਰਤੀ ਮਹੀਨਾ 13.23 ਕਰੋੜ ਦਾ ਬੋਝ ਪਵੇਗਾ ਅਤੇ ਸਲਾਨਾ 158.7 ਕਰੋੜ ਦਾ ਬੋਝ ਪਵੇਗਾ। ਜੇਕਰ ਪੰਜਾਬ ਸਰਕਾਰ ਸੂਬੇ ਦੇ ਸਰਪੰਚਾਂ ਨੂੰ 10 ਹਜ਼ਾਰ ਪ੍ਰਤੀ ਮਾਣ ਭੱਤਾ ਦੇਣ ਦੇ ਐਲਾਨ ‘ਤੇ ਅਮਲ ਸ਼ੁਰੂ ਕਰ ਦਿੰਦੀ ਹੈ ਤਾਂ ਪੰਜਾਬ ਦੇਸ਼ ਵਿੱਚੋਂ ਅਜਿਹਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਸਰਪੰਚਾਂ ਨੂੰ ਸਭ ਤੋਂ ਵੱਧ ਮਾਣ ਭੱਤਾ ਮਿਲੇਗਾ। ਜ਼ਿਕਰਯੋਗ ਹੈ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸਰਪੰਚਾਂ ਨੂੰ 5000, ਰਾਜਸਥਾਨ ਵਿੱਚ 4800, ਮੱਧ ਪ੍ਰਦੇਸ਼ ਵਿੱਚ 4250, ਛੱਤੀਸਗੜ੍ਹ ਵਿੱਚ 4000, ਬਿਹਾਰ ਵਿੱਚ 2500 ਰੁਪਏ ਤੇ ਪੱਛਮੀ ਬੰਗਾਲ ਵਿੱਚ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਹੈ, ਜਦ ਕਿ ਪੰਜਾਬ ਵਿੱਚ ਹੁਣ ਤੱਕ 1200 ਰੁਪਏ ਪ੍ਰਤੀ ਮਾਣ ਭੱਤਾ ਸਰਪੰਚਾਂ ਨੂੰ ਦੇਣ ਦੀ ਵਿਵਸਥਾ ਹੈ ਜਿਹੜਾ ਕਿ ਸਮੇਂ ਸਿਰ ਨਹੀਂ ਮਿਲ ਰਿਹਾ।

error: Content is protected !!