– ਸੀਐਮ ਮਾਨ ਨੇ ਭਾਜਪਾ ‘ਤੇ ਸਾਜਿਸ਼ ਰਚਣ ਦੇ ਲਗਾਏ ਦੋਸ਼
ਚੰਡੀਗੜ੍ਹ,24 ਜੂਨ, Gee98 News service-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਇਕ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਜਾਂਚ ਰਿਪੋਰਟਾਂ ਸਬੰਧੀ ਹਰਿਆਣਾ ‘ਚ ਐਫਆਈਆਰ ਦਰਜ ਹੋਣ ਤੋਂ ਬਾਅਦ ਆਪਣਾ ਪੱਖ ਲੋਕਾਂ ਸਾਹਮਣੇ ਰੱਖਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਫੇਕ ਰਿਪੋਰਟਾਂ ਦੇ ਸੰਬੰਧ ‘ਚ ਹਰਿਆਣਾ ‘ਚ ਦਰਜ ਹੋਈ ਹੈ FIR ਨੂੰ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਉਨਾਂ ਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣੇ ਦੀਆਂ ਜਿਹੜੀਆਂ ਦੋ ਲੈਬਾਂ ਤੋਂ ਪੰਜਾਬ ਸਰਕਾਰ ਨੇ ਜਾਂਚ ਰਿਪੋਰਟਾਂ ਤਿਆਰ ਕਰਵਾਈਆਂ ਹਨ ਉਹਨਾਂ ਲੈਬਾਂ ਦੇ ਮਾਲਕਾਂ ਨੂੰ ਹਰਿਆਣਾ ਪੁਲਿਸ ਨੇ ਡਰਾ ਧਮਕਾ ਕੇ ਉਹਨਾਂ ਤੋਂ ਬਿਆਨ ਲੈ ਕੇ ਗ਼ਲਤ ਐਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਹਰਿਆਣਾ ‘ਚ ਇਸ ਮਾਮਲੇ ‘ਚ ਐਫਆਈਆਰ ਦਰਜ ਹੋਣ ਤੋਂ ਬਾਅਦ ਲੋਕ ਪੰਜਾਬ ਸਰਕਾਰ ਦੇ ਪੱਖ ਦੀ ਉਡੀਕ ਕਰ ਰਹੇ ਸਨ ਪ੍ਰੰਤੂ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਪੱਖ ਰੱਖਿਆ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ‘ਤੇ ਹੋਰ ਵੱਡੇ ਸਵਾਲ ਖੜੇ ਹੋ ਗਏ ਹਨ ਕਿ ਆਖਰ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਸਿਰਫ਼ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਦੋਸ਼ ਮੜ ਕੇ ਆਪਣੇ ਆਪ ਨੂੰ ਸੁਰਖਰੂ ਹੋਣ ਦਾ ਇਕ ਰਾਹ ਲੱਭਿਆ ਹੈ, ਜਦ ਕਿ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਪੰਜਾਬ ਪੁਲਿਸ ਦੇ ਇੱਕ ਚੋਟੀ ਦੇ ਆਈਪੀਐਸ ਅਧਿਕਾਰੀ ਸਮੇਤ ਇੱਕ ਹੋਰ ਪੁਲਿਸ ਅਫ਼ਸਰ ਦੀ ਸ਼ਮੂਲੀਅਤ ਸਬੰਧੀ ਕੋਈ ਜ਼ਿਕਰ ਤੱਕ ਨਹੀਂ ਕੀਤਾ। ਮੁੱਖ ਮੰਤਰੀ ਨੇ ਆਪਣੇ ਲਾਈਵ ਪੱਖ ਵਿੱਚ ਇਹ ਵੀ ਨਹੀਂ ਕਿਹਾ ਕਿ ਉਹ ਐਫਆਈਆਰ ਦੀ ਇਬਾਰਤ ਦੇ ਅਨੁਸਾਰ ਇੱਕ ਇੱਕ ਹੋਟਲ ‘ਚ ਪੰਜਾਬ ਪੁਲਿਸ ਦੇ ਦੋ ਅਫਸਰਾਂ ਦੀ ਐਫਆਈਆਰ ਦਰਜ ਕਰਵਾਉਣ ਵਾਲੇ ਜਸਪ੍ਰੀਤ ਸਿੰਘ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਸਬੰਧੀ ਜਾਂਚ ਕਰਵਾਉਣਗੇ। ਸਿਆਸੀ ਅਤੇ ਕਨੂੰਨੀ ਮਾਹਿਰ ਮੁੱਖ ਮੰਤਰੀ ਦੇ ਹਰਿਆਣਾ ‘ਚ ਦਰਜ ਹੋਈ ਐਫਆਈਆਰ ‘ਤੇ ਪੱਖ ਨੂੰ ਵੀ ਉਸੇ ਨਜ਼ਰੀਏ ਨਾਲ ਵੇਖ ਰਹੇ ਹਨ ਜਿਵੇਂ ਹਰਿਆਣੇ ਦੀਆਂ ਲੈਬਾਂ ਤੋਂ ਜਾਂਚ ਰਿਪੋਰਟਾਂ ਤਿਆਰ ਕਰਵਾ ਕੇ ਵਿੱਤ ਮੰਤਰੀ ਨੇ ਕਾਹਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ।