Gee 98News

ਜਗਮਨ ਸਮਰੇ ਨੇ ਮੇਰੇ ਚਿਹਰੇ ਦਾ ਮਾਸਕ ਤਿਆਰ ਕਰਵਾ ਕੇ ਕਲਾਕਾਰ ਤੋਂ ਬਣਾਈ ਮੇਰੀ ਵੀਡੀਓ-CM ਭਗਵੰਤ ਮਾਨ

– ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿਖਾਈ ਨਵੀਂ ਵੀਡੀਓ ਕਲਿੱਪ

ਚੰਡੀਗੜ੍ਹ,25 ਜੂਨ, Gee98 news service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਰੋਜ਼ਾਨਾ ਨਵਾਂ ਮੋੜ ਕੱਟ ਰਿਹਾ ਹੈ। ਇੱਕ ਪਾਸੇ ਜਿੱਥੇ ਆਪ ਵਿਰੋਧੀ ਧਿਰਾਂ ਇਸ ਮਾਮਲੇ ਨਾਲ ਸਬੰਧਿਤ ਰੋਜ਼ ਨਵੇਂ ਤੱਥ ਪੇਸ਼ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਯਤਨ ਕਰਦੀਆਂ ਹਨ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਸਰਕਾਰ ਵੱਲੋਂ ਇਸ ਸਾਰੇ ਮਾਮਲੇ ਨੂੰ ਆਪ ਵਿਰੋਧੀ ਰਾਜਨੀਤਿਕ ਧਿਰਾਂ ਦੀ ਸਾਜਿਸ਼ ਸਿੱਧ ਕਰਨ ਲਈ ਰੋਜ਼ ਨਵੇਂ ਤੱਥ ਪੇਸ਼ ਕੀਤੇ ਜਾ ਰਹੇ ਹਨ। ਵੀਰਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਹੋਟਲ ਦੇ ਕਮਰੇ ‘ਚ ਆਪਣੀ ਵਾਇਰਲ ਹੋਈ ਵੀਡੀਓ ਸਬੰਧੀ ਕੁਝ ਤੱਥ ਪੇਸ਼ ਕਰਕੇ ਇਸ ਵੀਡੀਓ ਨੂੰ ਸਿਰੇ ਤੋਂ ਝੂਠਾ ਕਰਾਰ ਦਿੱਤਾ। ਮੁੱਖ ਮੰਤਰੀ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਹੀ ਸਕਰੀਨ ‘ਤੇ ਇੱਕ ਵੀਡੀਓ ਕਲਿੱਪ ਚਲਾ ਕੇ ਇਹ ਸਿੱਧ ਕਰਨ ਦੇ ਯਤਨ ਕੀਤੇ ਕਿ ਉਹਨਾਂ ਦੀ ਪਹਿਲੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਵਾਲੇ ਸਮਰੇ ਨੇ ਇੱਕ ਸਾਜਿਸ਼ ਤਹਿਤ ਉਹਨਾਂ ਦੇ ਚਿਹਰੇ ਦਾ ਮਾਸਕ ਬਣਾ ਕੇ ਕਿਸੇ ਕਲਾਕਾਰ ਤੋਂ ਇਹ ਵੀਡੀਓ ਤਿਆਰ ਕਰਵਾਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਮਾਸਕ ਸਬੰਧੀ ਪੂਰੀ ਵਿਆਖਿਆ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਮਾਸਕ ਵਾਲੀ ਤਾਜ਼ਾ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਿਸ ਵੀ ਇਸ ਦੀ ਜਾਂਚ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਗਮਨ ਸਮਰਾ ਨੂੰ ਪੰਜਾਬ ਲਿਆਉਣ ਦੇ ਯਤਨ ਵੀ ਸ਼ੁਰੂ ਕੀਤੇ ਜਾਣਗੇ। ‌ ਭਾਵੇਂ ਕਿ ਮੁੱਖ ਮੰਤਰੀ ਨੇ ਅੱਜ ਆਪਣੇ ਚਿਹਰੇ ਦੇ ਮਾਸਕ ਵਾਲੀ ਵੀਡੀਓ ਕਲਿੱਪ ਪੇਸ਼ ਕਰਕੇ ਪੁਰਾਣੀ ਵੀਡੀਓ ਦੇ ਮੁੱਦੇ ਤੋਂ ਪੂਰੀ ਤਰ੍ਹਾਂ ਸੁਰਖਰੂ ਹੋਣ ਦੇ ਤੱਥ ਪੇਸ਼ ਕੀਤੇ ਹਨ ਪ੍ਰੰਤੂ ਦੂਜੇ ਪਾਸੇ ਹਰਿਆਣੇ ਤੋਂ ਤਿਆਰ ਕਰਵਾਈਆਂ ਰਿਪੋਰਟਾਂ ਦੇ ਮਾਮਲੇ ‘ਚ ਪੰਜਾਬ ਦੇ ਦੋ ਪੁਲਿਸ ਅਫ਼ਸਰਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਪ੍ਰਾਪਤ ਖ਼ਬਰਾਂ ਅਨੁਸਾਰ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਦੋ ਚੋਟੀ ਦੇ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਮੁੱਖ ਮੰਤਰੀ ਵੱਲੋਂ ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਪੇਸ਼ ਕੀਤੇ ਠੋਸ ਤੱਥਾਂ ਤੋਂ ਬਾਅਦ ਇੱਕ ਹੋਰ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਮੁੱਖ ਮੰਤਰੀ ਦੇ ਚਿਹਰੇ ਦਾ ਮਾਸਕ ਤਿਆਰ ਕਰਕੇ ਪੁਰਾਣੀ ਵੀਡੀਓ ਵਾਇਰਲ ਕੀਤੀ ਗਈ ਸੀ ਤਾਂ ਪੰਜਾਬ ਸਰਕਾਰ ਨੂੰ ਹਰਿਆਣੇ ਦੀਆਂ ਦੋ ਪ੍ਰਾਈਵੇਟ ਲੈਬਾਂ ਤੋਂ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਉਣ ਦੀ ਕੀ ਲੋੜ ਪੈ ਗਈ ਸੀ ? ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫੇਰ ਇਸ ਸਾਰੇ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਦੋਸ਼ੀ ਦੱਸਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਉਹਨਾਂ ਨੂੰ ਘੇਰਨ ਦੇ ਯਤਨ ਕੀਤੇ ਜਾ ਰਹੇ ਹਨ।

Gee98 Ads
error: Content is protected !!