Gee 98News

ਸਾਵਧਾਨ ! ਹੁਣ ਮੌਕੇ ‘ਤੇ ਨਹੀਂ ਭਰਿਆ ਜਾਵੇਗਾ ਚਾਲਾਨ…ਜਾਣਾ ਪਵੇਗਾ ਅਦਾਲਤ

– ਪੰਜਾਬ ‘ਚ ਟ੍ਰੈਫਿਕ ਨਿਯਮਾਂ ਸਬੰਧੀ ਨਵੇਂ ਨਿਯਮ ਲਾਗੂ

ਚੰਡੀਗੜ੍ਹ,26 ਜੂਨ, (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਚਾਲਾਨ ਦੀਆਂ ਕੁਝ ਧਰਾਵਾਂ ਨੂੰ ਬਹੁਤ ਜ਼ਿਆਦਾ ਸਖ਼ਤ ਕਰ ਦਿੱਤਾ ਹੈ ਜਿਸ ਤਹਿਤ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਵੀ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਹੁਣ ਆਵਾਜਾਈ ਦੇ ਉਲੰਘਣਾ ਦੇ ਮਾਮਲਿਆਂ ‘ਚ ਲਾਪਰਵਾਹੀ ਨਾਲ ਡਰਾਈਵਿੰਗ ਕਰਨਾ, ਸ਼ਰਾਬ ਪੀ ਕੇ ਡਰਾਈਵਿੰਗ ਕਰਨਾ ਅਤੇ ਅੰਡਰਏਜ ਡਰਾਈਵਿੰਗ ਦੇ ਮਾਮਲਿਆਂ ਨੂੰ “ਨਾੱਨ ਕੰਪਾਉਂਡੇਬਲ” ਸ਼੍ਰੇਣੀ ਵਿੱਚ ਰੱਖਿਆ ਹੈ। ਜੇਕਰ ਇਹਨਾਂ ਤਿੰਨਾਂ ਸ਼੍ਰੇਣੀਆਂ ਤਹਿਤ ਕਿਸੇ ਦਾ ਚਲਾਨ ਹੁੰਦਾ ਹੈ ਤਾਂ ਉਸਦਾ ਭੁਗਤਾਨ ਮੌਕੇ ‘ਤੇ ਨਹੀਂ ਹੋਵੇਗਾ ਤੇ ਨਾ ਹੀ RTO ਦਫ਼ਤਰ ਜਾ ਕੇ ਚਲਾਨ ਭਰਿਆ ਜਾ ਸਕੇਗਾ ਸਗੋਂ ਹੁਣ ਇਹਨਾਂ ਸ਼੍ਰੇਣੀਆਂ ਦੇ ਚਲਾਨ ਦਾ ਨਿਪਟਾਰਾ ਜੱਜ ਦੀ ਅਦਾਲਤ ਵਿੱਚ ਹੀ ਹੋਵੇਗਾ। ਪੰਜਾਬ ਸਰਕਾਰ ਦੇ ਇਨਾਂ ਨਵੇਂ ਨਿਯਮਾਂ ਦਾ ਇੱਕ ਖਾਸ ਪੱਖ ਇਹ ਵੀ ਹੈ ਕਿ ਜੇਕਰ ਅਦਾਲਤੀ ਸੁਣਵਾਈ ਦੌਰਾਨ ਮਾਮਲਾ ਗੰਭੀਰ ਪਾਇਆ ਗਿਆ ਤਾਂ ਡਰਾਈਵਿੰਗ ਐਕਟ ਦੇ ਤਹਿਤ ਜੱਜ ਦੋਸ਼ੀ ਨੂੰ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਸੁਣਾ ਸਕਦਾ ਹੈ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਨੇ ਸਰਕਾਰ ਦੇ ਨਵੇਂ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਟਰਾਂਸਪੋਰਟ ਵਿਭਾਗ ਨੇ ਇਹਨਾਂ ਨੂੰ ਸੂਬੇ ‘ਚ ਲਾਗੂ ਵੀ ਕਰ ਦਿੱਤਾ ਹੈ। ਪੰਜਾਬ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ੍ਰੀ ਵਰੁਣ ਰੂਜ਼ਮ ਨੇ ਪੁਲਿਸ ਵਿਭਾਗ ਅਤੇ ਆਰਟੀਓ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ ਕਿ ਉਕਤ ਸ਼੍ਰੇਣੀਆਂ ਤਹਿਤ ਕੀਤੇ ਚਲਾਨ ਦਾ ਨਿਪਟਾਰਾ ਆਪਣੇ ਪੱਧਰ ‘ਤੇ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਪਹਿਲਾਂ ਜੇਕਰ ਕੋਈ ਲਾਪਰਵਾਹੀ ਨਾਲ ਡਰਾਈਵਿੰਗ, ਸ਼ਰਾਬ ਪੀ ਕੇ ਡਰਾਈਵਿੰਗ ਅਤੇ ਅੰਡਰਏਜ ਦੇ ਡਰਾਈਵਿੰਗ ਕਰਦਾ ਫੜਿਆ ਜਾਂਦਾ ਸੀ ਤਾਂ ਇਸ ਨੂੰ ਕੰਪਾਉਂਡੇਬਲ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਸੀ ਭਾਵ ਕਿ ਤੁਸੀਂ ਮੌਕੇ ‘ਤੇ ਭੁਗਤਾਨ ਕਰਕੇ ਜਾਂ ਆਰਟੀਓ ਦਫ਼ਤਰ ਜਾ ਕੇ ਚਲਾਨ ਦਾ ਨਿਪਟਾਰਾ ਕਰਵਾ ਸਕਦੇ ਹੋ ਪ੍ਰੰਤੂ ਹੁਣ ਚਲਾਨ ਦੀਆਂ ਇਹ ਸ੍ਰੇਣੀਆਂ ਨਾੱਨ ਕੰਪਾਉਂਡੇਬਲ ਸ਼੍ਰੇਣੀ ਵਿੱਚ ਪਾ ਦਿੱਤੀਆਂ ਗਈਆਂ ਹਨ ਜਿਸ ਤਹਿਤ ਇਹਨਾਂ ਚਲਾਨਾਂ ਦਾ ਨਿਪਟਾਰਾ ਅਦਾਲਤ ਵਿੱਚ ਹੀ ਹੋਵੇਗਾ।

Gee98 Ads
error: Content is protected !!