Gee 98News

ਪੰਜਾਬ ‘ਚ ਪੱਕ ਰਹੀ ਸਿਆਸੀ ਖਿਚੜੀ…ਕਿਸੇ ਨੂੰ ਲੂਣ ਤੇ ਕਿਸੇ ਨੂੰ ਖੰਡ ਦਾ ਸਵਾਦ

-1000 ਰੁਪਏ ਵਾਲੀ ਯੋਜਨਾ ਨੂੰ ਗ੍ਰਹਿਣ ਵਰਗੇ ਚਿੰਬੜ ਗਿਆ CM ਦੀ ਵੀਡੀਓ ਦਾ ਮੁੱਦਾ

ਚੰਡੀਗੜ੍ਹ, 27 ਜੂਨ ( Gee98 news service )-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵਿਵਾਦਿਤ ਵੀਡੀਓ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਈ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਐਂਟਰੀ ਹੋ ਗਈ ਹੈ। ਇਹ ਵੀਡੀਓ ਕਲਿੱਪ ਵਾਇਰਲ ਕਰਨ ਵਾਲੇ NRI ਜਗਮਨ ਸਮਰਾ ਨੇ ਕਿਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵੀਡੀਓ ਕਲਿੱਪ 2024 ‘ਚ ਸਵਾਤੀ ਮਾਲੀਵਾਲ ਨੇ ਭੇਜਿਆ ਸੀ ਜਿਹੜਾ ਕਿ ਅਕਤੂਬਰ 2025 ‘ਚ ਉਹਨਾਂ ਨੇ ਵਾਇਰਲ ਕੀਤਾ। ਜਗਮਨ ਸਮਰਾ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਦਿੱਲੀ ਵਿਖੇ ਸਵਾਤੀ ਮਾਲੀਵਾਲ ਦੀ ਕੁੱਟਮਾਰ ਤੋਂ ਬਾਅਦ ਮਾਲੀਵਾਲ ਨੇ ਇਹ ਵੀਡੀਓ ਕਲਿੱਪ ਉਹਨਾਂ ਨੂੰ ਭੇਜੇ ਸਨ, ਇਸ ਮਾਮਲੇ ‘ਚ ਅਜੇ ਅਧਿਕਾਰਕ ਤੌਰ ‘ਤੇ ਸਵਾਤੀ ਮਾਲੀਵਾਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰੰਤੂ ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਨੇ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਨਾਲ ਨਾਲ ਭਾਜਪਾ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ‘ਤੇ ਲਗਾਤਾਰ ਸਫ਼ਾਈਆਂ ਦੇ ਰਹੇ ਹਨ ਕਿ ਉਹ ਇਸ ਵੀਡੀਓ ਵਿੱਚ ਨਹੀਂ ਹਨ ਸਗੋਂ ਜਗਮਨ ਸਮਰਾ ਨੇ ਇੱਕ ਮਾਸਕ ਤਿਆਰ ਕਰਵਾ ਕੇ ਕਿਸੇ ਕਲਾਕਾਰ ਤੋਂ ਇਹ ਵੀਡੀਓ ਤਿਆਰ ਕਰਵਾਈ ਹੈ। ਮੁੱਖ ਮੰਤਰੀ ਨੇ ਮਾਸਕ ਵਾਲੀ ਗੱਲ ਹੈ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤੀ ਜਿਸ ਤੋਂ ਬਾਅਦ ਮੁੱਖ ਮੰਤਰੀ ‘ਤੇ ਹੋਰ ਸਵਾਲ ਉੱਠੇ ਕਿ ਪੰਜਾਬ ਸਰਕਾਰ ਵੱਲੋਂ ਹਰਿਆਣਾ ਦੀਆਂ ਦੋ ਲੈਬਾਂ ਤੋਂ ਤਿਆਰ ਕਰਵਾਈ ਜਾਂਚ ਰਿਪੋਰਟ ਵਿੱਚ ਮਾਸਕ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਜਦਕਿ ਪੰਜਾਬ ਸਰਕਾਰ ਦੇ ਦਾਅਵੇ ਅਨੁਸਾਰ ਇਹ ਰਿਪੋਰਟਾਂ ਤਿਆਰ ਕਰਨ ਸਮੇਂ ਵੀਡੀਓ ਕਲਿੱਪ ਦੀ 1191 ਵੱਖ-ਵੱਖ ਫਰੇਮਾਂ ਤੋਂ ਜਾਂਚ ਕੀਤੀ ਗਈ। ਮੁੱਖ ਮੰਤਰੀ ਦੀ ਇਸ ਵੀਡੀਓ ‘ਤੇ ਪੰਜਾਬ ਦੀ ਰਾਜਨੀਤੀ ਵਿੱਚ ਰੋਜ਼ਾਨਾ ਤਾਜ਼ਾ ਖਿਚੜੀ ਪੱਕ ਰਹੀ ਹੈ ਜਿਸ ਨੂੰ ਕੋਈ ਨਮਕ ਤੇ ਕੋਈ ਖੰਡ ਦੇ ਸਵਾਦ ਅਨੁਸਾਰ ਚੱਖ ਰਿਹਾ ਹੈ। ਮੁੱਖ ਮੰਤਰੀ ਦਾ ਇਹ ਵੀਡੀਓ ਕਲਿੱਪ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਦੀ ਫੋਰੈਸਿਕ ਜਾਂਚ ਦੀਆਂ ਰਿਪੋਰਟਾਂ ਜਨਤਕ ਕਰਨ ਤੋਂ ਬਾਅਦ ਜ਼ਿਆਦਾ ਚਰਚਾ ਵਿੱਚ ਆਇਆ ਅਤੇ ਇਹ ਉਹ ਸਮਾਂ ਹੈ ਜਦੋਂ ਪੰਜਾਬ ਸਰਕਾਰ 1 ਜੁਲਾਈ ਤੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਦੇ ਖਾਤਿਆਂ ‘ਚ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਰਕਮ ਪਾਉਣ ਦੀ ਤਿਆਰੀ ਕਰ ਰਹੀ ਹੈ ਪ੍ਰੰਤੂ ਮੁੱਖ ਮੰਤਰੀ ਦੇ ਇਹ ਵੀਡੀਓ ਕਲਿੱਪ ਦਾ ਮੁੱਦਾ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਗ੍ਰਹਿਣ ਵਾਂਗ ਲੱਗਿਆ ਹੋਇਆ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਦੀ ਇਸ ਵਿਵਾਦਿਤ ਵੀਡੀਓ ਦੀਆਂ ਹਰਿਆਣਾ ਤੋਂ ਤਿਆਰ ਹੋਈਆਂ ਨਕਲੀ ਰਿਪੋਰਟਾਂ ਦਾ ਮਾਮਲਾ CBI ਕੋਲ ਪੁੱਜ ਸਕਦਾ ਹੈ। ਚਰਚਾ ਅਨੁਸਾਰ ਇਸ ਮਾਮਲੇ ‘ਚ ਪੰਜਾਬ ਦੇ ਇਕ IPS ਅਤੇ ਇੱਕ ਹੋਰ ਪੁਲਿਸ ਅਫ਼ਸਰ ਦੀ ਐਂਟਰੀ ਦੇ ਕਾਰਨ ਹੀ ਇਸ ਮਾਮਲੇ ਨੂੰ CBI ਦੇ ਹੱਥ ਵਿੱਚ ਦਿੱਤਾ ਜਾ ਸਕਦਾ ਹੈ ਕਿਉਂਕਿ ਸੀਬੀਆਈ ਕਿਸੇ ਵੀ ਵੱਡੇ ਤੋਂ ਵੱਡੇ ਅਫਸਰ ਨੂੰ ਆਪਣੀ ਗ੍ਰਿਫਤ ਵਿੱਚ ਲੈ ਸਕਦੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਰਿਆਣੇ ਤੋਂ ਤਿਆਰ ਕਰਵਾਈਆਂ ਇਹ ਰਿਪੋਰਟਾਂ ਮੁੱਖ ਮੰਤਰੀ ਦੇ ਸਲਾਹ ਦੇ ਧਿਆਨ ਵਿੱਚ ਲਿਆ ਕੇ ਹੀ ਮੁੱਖ ਮੰਤਰੀ ਦੇ ਹਰ ਵਕਤ ਨੇੜੇ ਰਹਿਣ ਵਾਲੇ ਉਹਨਾਂ ਦੇ ਇੱਕ ਸਲਾਹਕਾਰ ਨੇ ਸੰਬੰਧਿਤ IPS ਅਫ਼ਸਰ ਦੀ ਡਿਊਟੀ ਲਗਾ ਕੇ ਤਿਆਰ ਕਰਵਾਈਆਂ ਸਨ।

Gee98 Ads
error: Content is protected !!