Skip to main content

Gee 98News

ਬਰਨਾਲਾ ਸਦਰ ਪੁਲਿਸ ਨੇ ਲੱਖਾਂ ਦੀ ਚੋਰੀ ਕਰਨ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਦੇ 2 ਮੈਂਬਰ ਕੀਤੇ ਕਾਬੂ

—ਗਹਿਣੇ ਤੇ ਬ੍ਰੇਜ਼ਾ ਗੱਡੀ ਬਰਾਮਦ; ਫ਼ਰਾਰ ਮੁੱਖ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਤੇਜ਼

ਬਰਨਾਲਾ, 27 ਜੂਨ ( ਨਿਰਮਲ ਸਿੰਘ ਪੰਡੋਰੀ):

ਬਰਨਾਲਾ ਪੁਲਿਸ ਨੇ ਇਕ ਵਡੀ ਕਾਰਵਾਈ ਕਰਦਿਆਂ ਪਿੰਡ ਬਖਤਗੜ੍ਹ ਵਿਖੇ ਹੋਈ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਅੰਤਰ-ਜ਼ਿਲ੍ਹਾ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕਰੀਬ 9 ਤੋਲੇ ਸੋਨੇ ਦੇ ਗਹਿਣੇ (ਜਿਨ੍ਹਾਂ ਦੀ ਕੀਮਤ ਕਰੀਬ 13 ਤੋਂ 14 ਲੱਖ ਰੁਪਏ ਦੱਸੀ ਜਾ ਰਹੀ ਹੈ) ਤੇ ਵਾਰਦਾਤਾਂ ਵਿਚ ਵਰਤੀ ਜਾਣ ਵਾਲੀ ਇਕ ਦਿੱਲੀ ਨੰਬਰ ਬ੍ਰੇਜ਼ਾ ਗੱਡੀ ਬਰਾਮਦ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਦੇ ਉੱਪਰ ਪਹਿਲਾਂ ਵੀ ਕਈ ਪਰਚੇ ਦਰਜ ਹਨ ਤੇ ਇਸ ਮਾਮਲੇ ਦਾ ਮੁੱਖ ਦੋਸ਼ੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੈ। ਜਿਸ ਨੂੰ ਫੜਨ ਲਈ ਪੁਲਿਸ ਵਲੋਂ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਡੀਐੱਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਲੰਘੀ 10 ਜੂਨ ਨੂੰ ਪਿੰਡ ਬਖਤਗੜ੍ਹ ਦੇ ਨਿਵਾਸੀ ਜਗਰਾਜ ਸਿੰਘ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਗਰਾਜ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਦਰ ਬਰਨਾਲਾ ਵਿਖੇ ਐੱਫਆਈਆਰ ਨੰਬਰ 113\26 ਦਰਜ ਕੀਤੀ ਗਈ ਸੀ। ਡੀਐੱਸਪੀ ਬੈਂਸ ਨੇ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਐੱਸਐੱਚਓ ਸਦਰ ਇੰਸਪੈਕਟਰ ਜਗਜੀਤ ਸਿੰਘ ਘੁਮਾਣ, ਚੌਕੀ ਇੰਚਾਰਜ ਪੱਖੋਂ ਕੈਂਚੀਆਂ ਥਾਣੇਦਾਰ ਬਲਜਿੰਦਰ ਸਿੰਘ ਤੇ ਸੀਆਈਏ ਸਟਾਫ਼ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ, ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਇਸ ਵਾਰਦਾਤ ’ਚ ਸ਼ਾਮਲ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ। ਮੁਲਜ਼ਮਾਂ ਦੀ ਪਛਾਣ ਜੋਗੀ, ਸੰਮਾ ਤੇ ਅਜੇ ਵਜੋਂ ਹੋਈ ਹੈ। ਜੋ ਕਿ ਫਿਰੋਜ਼ਪੁਰ ਦੀ ਬਾਬਾ ਬਸਤੀ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ ਦੋ ਮੁਲਜ਼ਮਾਂ ਜੋਗੀ ਤੇ ਅਜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਤੀਜਾ ਮੁਲਜ਼ਮ ਸੰਮਾ ਅਜੇ ਫ਼ਰਾਰ ਹੈ। ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮਾਂ ਕੋਲੋਂ ਸੋਨੇ ਦੀਆਂ 7 ਵੱਖ-ਵੱਖ ਆਈਟਮਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ’ਚ ਇਕ ਸੋਨੇ ਦਾ ਕੜਾ, ਦੋ ਚੂੜੀਆਂ, ਝੁਮਕਿਆਂ\ ਕਾਂਟਿਆਂ ਦੇ ਦੋ ਜੋੜੇ, ਟਾਪਸ ਦਾ ਇਕ ਜੋੜਾ, ਇਕ ਸੋਨੇ ਦਾ ਹਾਰ, ਇਕ ਅੰਗੂਠੀ ਸ਼ਾਮਲ ਹੈ। ਹਾਲਾਂਕਿ ਪੀੜਤ ਪਰਿਵਾਰ ਵਲੋਂ ਕਰੀਬ 26 ਤੋਲੇ ਸੋਨਾ ਚੋਰੀ ਹੋਣ ਦੀ ਗੱਲ ਲਿਖਵਾਈ ਗਈ ਸੀ। ਪੁਲਿਸ ਦਾ ਮੰਨਣਾ ਹੈ ਕਿ ਬਾਕੀ ਰਹਿੰਦਾ ਮਾਲ ਫ਼ਰਾਰ ਮੁਲਜ਼ਮ ਸੰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਰਾਮਦ ਹੋਣ ਦੀ ਪੂਰੀ ਉਮੀਦ ਹੈ।
ਮੁਲਜ਼ਮ ਹਨ ਪੇਸ਼ੇਵਰ ਅਪਰਾਧੀ: ਦੁਪਹਿਰ ਵੇਲੇ ਸੁੰਨਸਾਨ ਦਾ ਉਠਾਉਂਦੇ ਸੀ ਫਾਇਦਾ
ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ। ਮੁਲਜ਼ਮ ਜੋਗੀ ’ਤੇ ਪਹਿਲਾਂ ਹੀ ਚੋਰੀ, ਡਕੈਤੀ ਤੇ ਕੁੱਟਮਾਰ ਦੇ ਕਰੀਬ 16 ਪਰਚੇ ਦਰਜ ਹਨ। ਫ਼ਰਾਰ ਮੁਲਜ਼ਮ ਸੰਮਾ ’ਤੇ 20 ਅਤੇ ਅਜੇ ’ਤੇ 2 ਪਰਚੇ ਦਰਜ ਹਨ। ਫਿਰੋਜ਼ਪੁਰ ਪੁਲਿਸ ਵਲੋਂ ਇਨ੍ਹਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਜਿਸ ਕਾਰਨ ਪੁਲਿਸ ਤੋਂ ਬਚਣ ਲਈ ਇਨ੍ਹਾਂ ਨੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਜਿਵੇਂ ਲੁਧਿਆਣਾ, ਬਰਨਾਲਾ ਤੇ ਮਾਨਸਾ ’ਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਮੁਲਜ਼ਮ ਆਮ ਕੱਪੜਿਆਂ ’ਚ ਪਿੰਡਾਂ ਦੀ ਰੈਕੀ ਕਰਦੇ ਸਨ। ਗਰਮੀ ਦੇ ਦਿਨਾਂ ’ਚ ਦੁਪਹਿਰ ਵੇਲੇ ਜਦੋਂ ਲੋਕ ਘਰਾਂ ਦੇ ਅੰਦਰ ਹੁੰਦੇ ਸਨ ਤੇ ਸੁੰਨਸਾਨ ਹੁੰਦੀ ਸੀ ਤਾਂ ਇਹ ਨਿਸ਼ਾਨਾ ਬਣਾਏ ਗਏ ਬੰਦ ਘਰਾਂ ’ਤੇ ਅਟੈਕ ਕਰਦੇ ਸਨ। ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਬਖਤਗੜ੍ਹ ਵਾਲੇ ਦਿਨ ਹੀ ਪਿੰਡ ਭੋਤਨੇ ਵਿਖੇ ਵੀ ਚੋਰੀ ਦੀ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਸਬੰਧੀ ਥਾਣਾ ਟੱਲੇਵਾਲ ਵਿਖੇ ਮੁਕਦਮਾ ਦਰਜ ਹੈ।
ਰਿਮਾਂਡ ਖਤਮ ਹੋਣ ’ਤੇ ਦੁਬਾਰਾ ਅਦਾਲਤ ’ਚ ਕੀਤਾ ਜਾਵੇਗਾ ਪੇਸ਼
ਮੁਲਜ਼ਮਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਦੁਬਾਰਾ ਬਰਨਾਲਾ ਅਦਾਲਤ ’ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਜਾ ਸਕੇ ਤੇ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਚੋਰੀ ਦਾ ਮਾਲ ਕਿਸ ਸੁਨਿਆਰੇ ਨੂੰ ਵੇਚਦੇ ਸਨ। ਪੁਲਿਸ ਵਲੋਂ ਮੁਲਜ਼ਮਾਂ ਦਾ ਡੋਪ ਟੈਸਟ ਵੀ ਕਰਵਾਇਆ ਜਾ ਰਿਹਾ ਹੈ।

Gee98 Ads
error: Content is protected !!