Skip to main content

Gee 98News

ਮਹਿਲ ਕਲਾਂ ‘ਚ ਮੁੱਖ ਮੰਤਰੀ ਦੇ ਵਿਰੋਧ ਦੀ ਸੰਭਾਵਨਾ…ਕਿਸਾਨ ਜਥੇਬੰਦੀਆਂ ਨੇ ਦਿੱਤਾ ਇਕੱਠ ਦਾ ਸੱਦਾ

– ਪ੍ਰਸ਼ਾਸਨ ਲਈ ਇੱਕ ਲੱਤ ‘ਤੇ ਖੜਨ ਵਾਲੇ ਬਣੇ ਹਾਲਾਤ-

ਬਰਨਾਲਾ,30 ਜੂਨ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਲੋਕ ਮਿਲਣੀ ਸਮਾਗਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮਹਿਲ ਕਲਾਂ ਵਿਖੇ ਪੁੱਜ ਰਹੇ ਹਨ। ਮੁੱਖ ਮੰਤਰੀ ਸ਼ਾਮ ਦੇ ਸਮੇਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਮੁੱਖ ਮੰਤਰੀ ਦੀ ਮਹਿਲ ਕਲਾਂ ਫੇਰੀ ਦੇ ਮੱਦੇਨਜ਼ਰ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਮੁੱਖ ਮੰਤਰੀ ਦੇ ਸਮਾਗਮਾਂ ਦੀ ਰੂਪਰੇਖਾ ਅਨੁਸਾਰ ਜ਼ਾਹਰ ਹੈ ਕਿ ਕਿਸੇ ਨੂੰ ਵੀ ਮੁੱਖ ਮੰਤਰੀ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਿਸ ਕਰਕੇ ਮੁੱਖ ਮੰਤਰੀ ਦੀ ਮਹਿਲਕਲਾਂ ਫੇਰੀ ਦੌਰਾਨ ਵਿਰੋਧ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਸਿੱਧੂਪੁਰ ਨੇ ਐਲਾਨ ਕੀਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣਗੇ। ਉਕਤ ਜਥੇਬੰਦੀਆਂ ਦੇ ਆਗੂ ਕਰਮਵਾਰ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਕਰਨੈਲ ਸਿੰਘ ਗਾਂਧੀ ਸਹਿਜੜਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਮਹਿਲ ਕਲਾਂ ਫੇਰੀ ਦੌਰਾਨ ਕਿਸਾਨੀ ਮੰਗਾਂ ਉਠਾਈਆਂ ਜਾਣਗੀਆਂ ਪਰੰਤੂ ਜਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਮੁੱਖ ਮੰਤਰੀ ਦੀਆਂ ਪੰਜਾਬ ‘ਚ ਹੋਰ ਥਾਵਾਂ ‘ਤੇ ਹੋਈਆਂ ਫੇਰੀਆਂ ਦੇ ਮੱਦੇਨਜ਼ਰ ਇਉਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਪੱਕੇ ਭਮੱਕੜ ਵਲੰਟੀਅਰਾਂ ਤੋਂ ਬਿਨਾਂ ਮੁੱਖ ਮੰਤਰੀ ਦੇ ਸਮਾਗਮ ਵਿੱਚ ਕਿਸੇ ਦੀ ਵੀ ਐਂਟਰੀ ਨਹੀਂ ਹੋਵੇਗੀ। ਦੂਜੇ ਪਾਸੇ ਮੁੱਖ ਮੰਤਰੀ ਦੀ ਮਹਿਲ ਕਲਾਂ ਫੇਰੀ ਦੇ ਮੱਦੇਨਜ਼ਰ ਮਜ਼ਦੂਰ ਆਗੂ ਹਰਜੀਤ ਸਿੰਘ ਖਿਆਲੀ, ਕਰੋਨਾ ਵਲੰਟੀਅਰ ਜਗਸੀਰ ਸਿੰਘ ਬਬਲੂ ਸਮੇਤ ਕੁਝ ਹੋਰ ਨੌਜਵਾਨਾਂ ਦੀ ਗ੍ਰਿਫ਼ਤਾਰੀ ਕਾਰਨ ਮਹਿਲ ਕਲਾਂ ਖੇਤਰ ਵਿੱਚ ਰੋਸ ਦੀ ਲਹਿਰ ਹੈ। ਕਨਸੋਆਂ ਹਨ ਕਿ ਉਕਤ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਲੋਕ ਕੋਈ ਗੁਪਤ ਐਕਸ਼ਨ ਵੀ ਕਰ ਸਕਦੇ ਹਨ। ‌ਕੁੱਲ ਮਿਲਾ ਕੇ ਮੁੱਖ ਮੰਤਰੀ ਦੀ ਮਹਿਲ ਕਲਾਂ ਫੇਰੀ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਈ ਇੱਕ ਲੱਤ ‘ਤੇ ਖੜਨ ਵਾਲੇ ਹਾਲਾਤ ਬਣ ਸਕਦੇ ਹਨ। ਇੱਥੇ ਇਹ ਵੀ ਜ਼ਿਕਰ ਕਰ ਦੇਈਏ ਕਿ ਮਹਿਲ ਕਲਾਂ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਹੈ ਇਸ ਲਈ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਲਈ ਫੂਕ ਫੂਕ ਕੇ ਕਦਮ ਚੁੱਕਣ ਦੀ ਲੋੜ ਹੋਵੇਗੀ ਕਿਉਂਕਿ ਹਕੂਮਤਾਂ ਵੱਲੋਂ ਕੀਤੀ ਜਾਂਦੀ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਤੇ ਜਬਰ ਦੇ ਖ਼ਿਲਾਫ਼ ਲੋਕ ਘੋਲਾਂ ਦਾ ਮੁੱਢ ਮਹਿਲ ਕਲਾਂ ਦੀ ਧਰਤੀ ਤੋਂ ਹੀ ਬੱਝਦਾ ਆਇਆ ਹੈ।

Gee98 Ads
error: Content is protected !!