Gee 98News

ਮੁੱਖ ਮੰਤਰੀ ਦੀ ਫੇਰੀ ਕਰਕੇ ਮਹਿਲ ਕਲਾਂ ਦੇ ਲੋਕ ਆਗੂਆਂ ਦੀ ਗ੍ਰਿਫ਼ਤਾਰੀ ਕਾਰਨ ਲੋਕਾਂ ‘ਚ ਤਿੱਖਾ ਰੋਸ

– ਜੇ ਪੁਲਿਸ ਨੇ ਕੋਈ ਝੂਠਾ ਕੇਸ ਪਾਇਆ ਤਾਂ ਸੰਘਰਸ਼ ਕਰਾਂਗੇ-ਗੁਰਮੀਤ ਸਿੰਘ ਮਾਹਮਦਪੁਰ

ਬਰਨਾਲਾ,29 ਜੂਨ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 30 ਜੂਨ ਮਹਿਲ ਕਲਾਂ ਫੇਰੀ ਤੋਂ ਪਹਿਲਾਂ ਮਹਿਲ ਕਲਾਂ ਆਸ ਪਾਸ ਪਿੰਡਾਂ ਨਾਲ ਸਬੰਧਿਤ ਕੁਝ ਲੋਕ ਆਗੂਆਂ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਚਾਰੇ ਪਾਸੇ ਤੋਂ ਨਿਖੇਧੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 30 ਜੂਨ ਮਹਿਲ ਕਲਾਂ ਪਿੰਡ ਵਿੱਚ ਲੋਕ ਮਿਲਣੀ ਤਹਿਤ ਆ ਰਹੇ ਹਨ। ਇਸ ਸਬੰਧੀ ਬੀਤੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਹਨ ਕਿ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਨੂੰ ਮੁੱਖ ਮੰਤਰੀ ਨਾਲ ਸਾਂਝਾ ਕੀਤਾ ਜਾਵੇਗਾ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਜਾਵੇਗੀ। ਇਸ ਤਰ੍ਹਾਂ ਨੌਜਵਾਨ ਹਰਜੀਤ ਸਿੰਘ ਖਿਆਲੀ, ਜਗਸੀਰ ਸਿੰਘ ਮਹਿਲ ਕਲਾਂ, ਸੁਖਪਾਲ ਸਿੰਘ ਬਖਤਗੜ ਅਤੇ ਕੁਝ ਹੋਰ ਆਗੂਆਂ ਦੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਨਾਂ ਵਿੱਚ ਲੋਕਾਂ ਨੂੰ ਮੁੱਖ ਮੰਤਰੀ ਦੇ ਸਮਾਗਮ ਵਾਲੀ ਥਾਂ ‘ਤੇ ਪੁੱਜ ਕੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਸਵਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ‌ ਇਹਨਾਂ ਪੋਸਟਾਂ ਦੇ ਵਾਇਰਲ ਹੋਣ ਤੋਂ ਬਾਅਦ ਡਰੇ ਹੋਏ ਹਲਕੇ ਦੇ ਹਕੂਮਤੀ ਆਗੂਆਂ ਦੀ ਸ਼ਹਿ ‘ਤੇ ਪੰਜਾਬ ਪੁਲਿਸ ਨੇ ਉਕਤ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਿਆਂ ‘ਚ ਬੰਦ ਕਰ ਦਿੱਤਾ। ਇਹਨਾਂ ਆਗੂਆਂ ਦੀ ਗ੍ਰਿਫ਼ਤਾਰੀ ਦੇ ਮੁੱਦੇ ‘ਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਗੂ ਗੁਰਮੀਤ ਸਿੰਘ ਮਾਹਮਦਪੁਰ ਨੇ ਸੱਤਾਧਿਰ ਤੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਰਜੀਤ ਸਿੰਘ ਖਿਆਲੀ ਸਮੇਤ ਗ੍ਰਿਫ਼ਤਾਰ ਆਗੂਆਂ ‘ਤੇ ਪੁਲਿਸ ਨੇ ਕੋਈ ਝੂਠਾ ਕੇਸ ਪਾਉਣ ਦਾ ਯਤਨ ਕੀਤਾ ਤਾਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਵੀ ਕਰਨਾ ਪਵੇਗਾ। ਗੁਰਮੀਤ ਸਿੰਘ ਮਾਹਮਦਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਇਸ ਮੁੱਦੇ ‘ਤੇ ਕਿਸੇ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ। ਗੁਰਮੀਤ ਸਿੰਘ ਮਾਹਮਦਪੁਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਡਿਊਟੀ ਕਰ ਰਹੇ ਕਿਸੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਮਹਿਲ ਕਲਾਂ ਫੇਰੀ ਕਰਕੇ 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਕਥਾਵਾਚਕ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਖਾਲਸਾ ਦੇ ਧਾਰਮਿਕ ਦੀਵਾਨ ਨੂੰ ਰੋਕਣ ਦੇ ਯਤਨ ਵੀ ਕੀਤੇ ਗਏ। ਗੁਰਮੀਤ ਸਿੰਘ ਮਾਹਮਦਪੁਰ ਨੇ ਕਿਹਾ ਕਿ ਜੇਕਰ ਅਜਿਹੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਹਕੂਮਤ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

Gee98 Ads
error: Content is protected !!