Gee 98News

CM ਦੀ ਲੋਕ ਮਿਲਣੀ ਵਿੱਚ ਮਹਿਲ ਕਲਾਂ ਨੂੰ ਦਿੱਤੇ 51 ਲੱਖ ਦੇ ਚੈੱਕ ਦਾ ਪੈ ਗਿਆ ਪੁਆੜਾ…!

– ਲੋਕ ਕਹਿੰਦੇ…ਸਮਾਗਮ ਦਾ ਪ੍ਰਬੰਧ ਕਰਨ ਵਾਲੇ ਸਰਪੰਚ ਨਾਲ ਹੋ ਗਿਆ ਧੱਕਾ

ਬਰਨਾਲਾ, 1 ਜੁਲਾਈ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਿਲ ਕਲਾਂ ਵਿਖੇ ਕੀਤੀ ਲੋਕ ਮਿਲਣੀ ਤੋਂ ਬਾਅਦ ਗ੍ਰਾਮ ਪੰਚਾਇਤ ਮਹਿਲ ਕਲਾਂ ਨੂੰ ਦਿੱਤਾ 51 ਲੱਖ ਦਾ ਚੈੱਕ ਵਿਵਾਦਾਂ ਦੇ ਘੇਰੇ ਵਿੱਚ ਫਸ ਗਿਆ ਹੈ। ‌ਦਰਅਸਲ ਮੁੱਖ ਮੰਤਰੀ ਵੱਲੋਂ ਸਬੰਧਿਤ ਗ੍ਰਾਮ ਪੰਚਾਇਤ ਭਾਵ ਲੋਕ ਮਿਲਣੀ ਦਾ ਪ੍ਰਬੰਧ ਕਰਨ ਵਾਲੀ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 51 ਲੱਖ ਰੁਪਏ ਦਾ ਚੈੱਕ ਦਿੱਤਾ ਜਾਂਦਾ ਪਰੰਤੂ ਮਹਿਲ ਕਲਾਂ ਵਿਖੇ ਭਾਣਾ ਇਸ ਦੇ ਉਲਟ ਵਰਤ ਗਿਆ ਭਾਵ ਕਿ ਮੁੱਖ ਮੰਤਰੀ ਵੱਲੋਂ ਮਹਿਲ ਕਲਾਂ ਗ੍ਰਾਮ ਪੰਚਾਇਤ ਨੂੰ 51 ਲੱਖ ਦਾ ਚੈੱਕ ਦਿੱਤਾ ਗਿਆ ਜਦਕਿ ਲੋਕ ਮਿਲਣੀ ਮਹਿਲ ਕਲਾਂ ਸੋਢੇ ਗ੍ਰਾਮ ਪੰਚਾਇਤ ਵੱਲੋਂ ਕਰਵਾਈ ਗਈ ਸੀ। ਭਾਵੇਂ ਕਿ ਪਿੰਡ ਦੇ ਲੋਕ ਚਰਚਾ ਤਾਂ ਇਹ ਵੀ ਕਰਦੇ ਹਨ ਕਿ ਜੇਕਰ 51 ਲੱਖ ਦੀ ਸਾਰੀ ਰਕਮ ਨੂੰ ਦੋਵੇਂ ਗਰਾਮ ਪੰਚਾਇਤਾਂ ਵਿੱਚ ਅੱਧੋ ਅੱਧ ਵੰਡ ਦਿੱਤਾ ਜਾਂਦਾ ਤਾਂ ਵੀ ਠੀਕ ਸੀ ਪ੍ਰੰਤੂ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੇ ਵਾਸੀਆਂ ਦਾ ਤਰਕ ਹੈ ਕਿ ਜਦੋਂ ਲੋਕ ਮਿਲਣੀ ਹੀ ਗ੍ਰਾਮ ਪੰਚਾਇਤ ਸਾਡੇ ਵੱਲੋਂ ਕਰਵਾਈ ਗਈ ਤਾਂ ਚੈੱਕ ਦੀ ਸਾਰੀ 51 ਲੱਖ ਦੀ ਰਕਮ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਨੂੰ ਮਿਲਣੀ ਚਾਹੀਦੀ ਸੀ। ਇਸ ਮੁੱਦੇ ‘ਤੇ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੇ ਵਾਸੀਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ‘ਤੇ ਵੀ ਸਿੱਧੀਆਂ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ ਕਿ ਉਨਾਂ ਨੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਇਹ ਫਰਕ ਕਿਉਂ ਰੱਖਿਆ ? ਹੁਣ ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਚੈੱਕ ਦੇਣ ਸਬੰਧੀ ਜਾਣਕਾਰੀ ਹਲਕਾ ਵਿਧਾਇਕ ਨੂੰ ਨਹੀਂ ਹੋਵੇਗੀ। ‌ਦੱਸ ਦੇਈਏ ਕਿ ਸੰਬੰਧਿਤ ਗ੍ਰਾਮ ਪੰਚਾਇਤ ਵੱਲੋਂ ਆਪਣੀਆਂ ਮੰਗਾਂ ਸਬੰਧੀ ਇੱਕ ਪੱਤਰ ਤਿਆਰ ਕਰਕੇ ਹਲਕਾ ਵਿਧਾਇਕ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਆਧਾਰ ‘ਤੇ ਮੁੱਖ ਮੰਤਰੀ ਵੱਲੋਂ ਦਿੱਤਾ ਜਾਣ ਵਾਲਾ ਚੈੱਕ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਜਾਂਦਾ ਹੈ। ਮਹਿਲਕਲਾਂ ਖੇਤਰ ਵਿੱਚ ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਕਿ ਲੋਕ ਮਿਲਣੀ ‘ਤੇ ਕੀਤਾ ਗਿਆ ਸਾਰਾ ਖਰਚਾ ਮਹਿਲ ਕਲਾਂ ਸੋਢੇ ਦੇ ਸਰਪੰਚ ਵੱਲੋਂ ਕੀਤਾ ਗਿਆ ਜਿਸ ਨੂੰ ਕਿ ਖਰਚਾ ਕਰਨ ਦੇ ਮਾਮਲੇ ‘ਚ ਪੂਰੇ ਖੁੱਲੇ ਦਿਲ ਵਾਲਾ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਹਿਲਕਲਾਂ ਸੋਢੇ ਦਾ ਸਰਪੰਚ ਸਰਬਜੀਤ ਸਿੰਘ ਸੰਭੂ ਇੱਕ ਸਮਾਜ ਸੇਵੀ ਭਾਵਨਾ ਵਾਲਾ ਵਿਅਕਤੀ ਹੈ ਜਿਸ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਦਿਲ ਖੋਲ ਕੇ ਦਾਨ ਦਿੱਤਾ ਜਾਂਦਾ ਹੈ। ‌ਸਰਪੰਚ ਸਰਬਜੀਤ ਸਿੰਘ ਦੀ ਇਸ ਭਾਵਨਾ ਦਾ ਮੁਜ਼ਾਹਰਾ ਮੁੱਖ ਮੰਤਰੀ ਦੀ ਲੋਕ ਮਿਲਣੀ ਵਾਲੇ ਦਿਨ ਉਸ ਦੇ ਘਰ ਚੱਲ ਰਹੇ ਅਤੁੱਟ ਲੰਗਰ ਅਤੇ ਲੋਕਲ ਤੇ ਬਾਹਰੋਂ ਆਏ ਪੁਲਿਸ ਮੁਲਾਜ਼ਮਾਂ ਦੀ ਕੀਤੀ ਆਓ ਭਗਤ ਤੋਂ ਵੀ ਬਾਖ਼ੂਬੀ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਲੋਕ ਮਿਲਣੀ ‘ਚ ਆਪਣੇ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਜਿਸ ਵੇਲੇ ਮੁੱਖ ਮੰਤਰੀ ਵੱਲੋਂ ਗ੍ਰਾਮ ਪੰਚਾਇਤ ਨੂੰ ਚੈੱਕ ਦਿੱਤਾ ਜਾ ਰਿਹਾ ਉਸ ਵੇਲੇ ਸਰਬਜੀਤ ਸਿੰਘ ਸੰਭੂ ਨੂੰ ਪਹਿਲਾਂ ਅੱਗੇ ਨਹੀਂ ਕੀਤਾ ਗਿਆ ਸਗੋਂ ਬਾਅਦ ਵਿੱਚ ਪਿੱਛੇ ਖੜੇ ਸਰਪੰਚ ਸਰਬਜੀਤ ਸੰਭੂ ਨੂੰ ਅੱਗੇ ਤਸਵੀਰ ਵਿੱਚ ਲਿਆਂਦਾ ਗਿਆ, ਜਿਸ ਤੋਂ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਚੈੱਕ ਪਹਿਲਾਂ ਤੋਂ ਹੀ ਗਿਣੀ ਮਿਥੀ ਯੋਜਨਾ ਅਨੁਸਾਰ ਗ੍ਰਾਮ ਪੰਚਾਇਤ ਮਹਿਲ ਕਲਾਂ ਲਈ ਹੀ ਤਿਆਰ ਕੀਤਾ ਗਿਆ ਸੀ। ਮਹਿਲ ਕਲਾਂ ਦੇ ਲੋਕ ਚੈੱਕ ਦੇਣ ਦੇ ਮਾਮਲੇ ਵਿੱਚ ਕੀਤੇ ਕੀ ਇਸ ਪੱਖਪਾਤ ਨੂੰ ਦਰਵੇਸ਼ ਵਿਅਕਤੀ ਸਰਪੰਚ ਸਰਬਜੀਤ ਸਿੰਘ ਨਾਲ ਸ਼ਰੇਆਮ ਕੀਤਾ ਧੱਕਾ ਕਰਾਰ ਦੇ ਰਹੇ ਹਨ ਜਿਸ ਲਈ ਹਲਕਾ ਵਿਧਾਇਕ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ‘ਤੇ ਬਰਨਾਲਾ ਜ਼ਿਲ੍ਹੇ ਦੇ ਇੱਕ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਸਪੱਸ਼ਟ ਕੀਤਾ ਕਿ ਲੋਕ ਮਿਲਣੀ ਕਰਵਾਉਣ ਵਾਲੀ ਗ੍ਰਾਮ ਪੰਚਾਇਤ ਨੂੰ ਹੀ ਚੈੱਕ ਦਿੱਤਾ ਜਾਂਦਾ ਹੈ ਪ੍ਰੰਤੂ ਜਦੋਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਹਿਲ ਕਲਾਂ ਵਿਖੇ ਸਬੰਧਿਤ ਪੰਚਾਇਤ ਨੂੰ ਇਹ ਚੈੱਕ ਨਹੀਂ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਇਸ ਦਾ ਜਵਾਬ ਤਾਂ ਸੰਬੰਧਤ ਸੱਤਾਧਾਰੀ ਆਗੂ ਜਾਂ ਉਚ ਅਧਿਕਾਰੀ ਹੀ ਦੇ ਸਕਦੇ ਹਨ। ਕੁੱਲ ਮਿਲਾ ਕੇ ਆਪਣੇ ਪੱਲਿਓਂ ਲੱਖਾਂ ਰੁਪਏ ਖਰਚ ਕਰਨ ਵਾਲੇ ਸਰਪੰਚ ਮਹਿਲ ਕਲਾਂ ਸੋਢੇ ਅਤੇ ਪਿੰਡ ਦੇ ਲੋਕਾਂ ਨਾਲ ਇਹ ਜੱਗੋਂ ਤੇਰਵੀਂ ਹੋਈ ਮੰਨੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਹਲਕਾ ਵਿਧਾਇਕ “ਅੱਧੀ ਤੇਰੀ ਆਂ ਮੁਲਾਹਜੇਦਾਰਾ” ਵਾਲੀ ਗੱਲ ਵਾਂਗ 51 ਲੱਖ ਦੀ ਰਾਸ਼ੀ ਨੂੰ ਅੱਧੋ ਅੱਧ ਵੰਡਣਗੇ ਜਾਂ ਫਿਰ ਮਹਿਲ ਕਲਾਂ ਸੋਢੇ ਦੀ ਗਰਾਮ ਪੰਚਾਇਤ ਨੂੰ ਪੂਰਾ 51 ਲੱਖ ਦਾ ਨਵਾਂ ਚੈੱਕ ਦਿੱਤਾ ਜਾਵੇਗਾ ?

Gee98 Ads
error: Content is protected !!