Gee 98News

ਜੁਲਾਈ, ਅਗਸਤ, ਸਤੰਬਰ ਤੱਕ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ‘ਚ 1100 ਕਰੋੜ ਪਾਏ…!

– ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 40 ਲੱਖ ਔਰਤਾਂ ਰਜਿਸਟਰਡ

ਚੰਡੀਗੜ੍ਹ,1 ਜੁਲਾਈ, Gee98 News service-

-ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸੂਬੇ ਦੀਆਂ 18 ਸਾਲ ਦੀ ਉਮਰ ਤੋਂ ਉੱਪਰ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਅੱਜ 1100 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਇਸ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਤੋਂ ਕੀਤੀ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਅਤੇ ਐਸਸੀ ਸਮਾਜ ਦੀਆਂ ਔਰਤਾਂ ਨੂੰ 1500 ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਵੱਲੋਂ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਤੱਕ ਤਿੰਨ ਮਹੀਨਿਆਂ ਦੀ ਰਕਮ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਤਹਿਤ ਲੱਗਭੱਗ 40 ਲੱਖ ਔਰਤਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ‌ਇਸ ਯੋਜਨਾ ਦੀ ਸ਼ੁਰੂਆਤ ਕਰਨ ਲਈ ਵਿਧਾਨ ਸਭਾ ਹਲਕਾ ਧੂਰੀ ‘ਚ ਕਰਵਾਏ ਸਮਾਗਮ ਦੌਰਾਨ ਜਦੋਂ ਮੁੱਖ ਮੰਤਰੀ ਮੰਚ ‘ਤੇ ਭਾਸ਼ਣ ਦੇ ਰਹੇ ਸਨ ਤਾਂ ਇਕੱਠ ਵਿੱਚੋਂ ਇੱਕ ਔਰਤ ਨੇ ਆਪਣੇ ਮੋਬਾਇਲ ‘ਤੇ ਆਪਣੇ ਖਾਤੇ ਵਿੱਚ ਪੈਸੇ ਆਉਣ ਸਬੰਧੀ ਮੁੱਖ ਮੰਤਰੀ ਨੂੰ ਆਪਣਾ ਮੋਬਾਇਲ ਦਿਖਾਇਆ ਤਾਂ ਉਸਨੂੰ ਤੁਰੰਤ ਮੁੱਖ ਮੰਤਰੀ ਨੇ ਮੰਚ ‘ਤੇ ਬੁਲਾਇਆ। ਮੰਚ ‘ਤੇ ਪਹੁੰਚੀ ਇਸ ਮਹਿਲਾ ਨੇ ਦੱਸਿਆ ਕਿ 4500 ਰੁਪਏ ਉਸਦੇ ਖਾਤੇ ਵਿੱਚ ਆ ਗਏ ਹਨ। ਜਦੋਂ ਇਸ ਔਰਤ ਨੇ ਮੰਚ ‘ਤੇ ਹੀ ਮੁੱਖ ਮੰਤਰੀ ਨੂੰ ਆਪਣੀ ਪਹਿਚਾਣ ਦੱਸੀ ਤਾਂ ਉਹ ਆਮ ਆਦਮੀ ਪਾਰਟੀ ਦੀ ਧੂਰੀ ਦੀ ਬਲਾਕ ਪ੍ਰਧਾਨ ਨਿਕਲੀ ਜਿਸ ਤੋਂ ਬਾਅਦ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਸਬੰਧੀ ਆਮ ਆਦਮੀ ਪਾਰਟੀ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਪਹਿਲੇ ਝਟਕੇ ਆਪਣੀਆਂ ਆਗੂਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਹੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਰਕਮ ਪਾਈ ਹੈ। ਬਹਰਰਾਲ ! ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਿਹੜੀਆਂ ਔਰਤਾਂ ਨੇ ਰਜਿਸਟਰੇਸ਼ਨ ਕਰਵਾਈ ਹੈ ਉਹਨਾਂ ਸਾਰੀਆਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੇ ਪੈਸੇ ਪਾਏ ਜਾਣਗੇ। ‌ ਦੱਸ ਦੇਈਏ ਕਿ ਸਰਕਾਰ ਨੇ ਇਸ ਸਾਲ ਬਜਟ ਵਿੱਚ ਇਸ ਯੋਜਨਾ ਲਈ 9300 ਕਰੋੜ ਰੁਪਏ ਰੱਖੇ ਸਨ। ‌ ਦੂਜੇ ਪਾਸੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ ਆਪ ਸਰਕਾਰ ਦੀ ਇਸ ਯੋਜਨਾ ‘ਤੇ ਸਵਾਲ ਉਠਾਏ ਹਨ ਕਿ ਇਹ ਚੋਣਾਂ ਦੇ ਨੇੜੇ ਸਿਆਸੀ ਫਾਇਦਾ ਲੈਣ ਲਈ ਹੀ ਸ਼ੁਰੂ ਕੀਤੀ ਗਈ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਲੱਗਭੱਗ ਸਾਢੇ ਚਾਰ ਸਾਲ ਦੇ ਬਕਾਏ ਦੀ ਯਾਦ ਕਰਵਾਉਂਦੇ ਹੋਏ ਮੰਗ ਕੀਤੀ ਕਿ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਸਾਰੇ ਪੈਸੇ ਔਰਤਾਂ ਦੇ ਖਾਤਿਆਂ ਵਿੱਚ ਪਾਏ ਜਾਣੇ ਚਾਹੀਦੇ ਹਨ ਜਦੋਂ ਕਿ ਆਪ ਸਰਕਾਰ ਦਾ ਤਰਕ ਹੈ ਕਿ ਲੋਕਾਂ ਨੇ ਉਹਨਾਂ ਨੂੰ ਪੰਜ ਸਾਲ ਦਾ ਸਮਾਂ ਦਿੱਤਾ ਸੀ, ਇਸ ਲਈ ਉਹਨਾਂ ਨੇ ਆਪਣੇ ਪੰਜ ਸਾਲ ਦੇ ਇਸ ਕਾਰਜਕਾਲ ਵਿੱਚ ਮਹਿਲਾਵਾਂ ਨਾਲ ਕੀਤੀ ਇਹ ਗਰੰਟੀ ਪੂਰੀ ਕਰ ਦਿੱਤੀ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਇਸ ਯੋਜਨਾ ਤਹਿਤ ਰਜਿਸਟਰਡ ਹੋ ਚੁੱਕੀਆਂ 40 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ ਇਹ ਰਕਮ ਕਿੰਨੇ ਕੁ ਦਿਨਾਂ ਤੱਕ ਪੁੱਜਦੀ ਹੈ।

Gee98 Ads
error: Content is protected !!