ਚੰਡੀਗੜ੍ਹ, 2 ਜੁਲਾਈ, Gee98 News service-
ਅਮਰੀਕਾ ਤੋਂ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਜਨਮਜਾਤ ਨਾਗਰਿਕਤਾ ਨਾ ਦੇਣ ਦੀ ਗੱਲ ਕੀਤੀ ਗਈ ਸੀ। ਅਮਰੀਕਾ ਦੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਪੰਜਾਬੀਆਂ ਦੇ ਨਾਲ ਨਾਲ ਹੋਰ ਪ੍ਰਵਾਸੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਹੁਣ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਜਾਂ ਅਸਥਾਈ ਵੀਜ਼ੇ ‘ਤੇ ਰਹਿ ਰਹੇ ਪੰਜਾਬੀ ਮਾਤਾ-ਪਿਤਾ ਦੇ ਜਨਮੇ ਬੱਚਿਆਂ ਨੂੰ ਉਥੋਂ ਦੀ ਪੂਰਨ ਨਾਗਰਿਕਤਾ ਦਾ ਅਧਿਕਾਰ ਮਿਲ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ‘ਚ ਹਰ ਸਾਲ ਕਰੀਬ 8 ਹਜ਼ਾਰ ਪੰਜਾਬੀ ਬੱਚੇ ਜਨਮ ਲੈਂਦੇ ਹਨ। ਅਮਰੀਕਾ ਦੀਆਂ ਵੱਖ-ਵੱਖ ਥਾਵਾਂ ‘ਤੇ ਇਸ ਵੇਲੇ ਸਰਨਾਰਥੀ ਵੀਜ਼ੇ ‘ਤੇ ਜਾਂ ਗ਼ੈਰ ਕਾਨੂੰਨੀ ਤਰੀਕੇ ਨਾਲ ਲੱਗਭੱਗ 7 ਲੱਖ ਭਾਰਤੀ ਰਹਿ ਰਹੇ ਹਨ, ਨਿਊਯਾਰਕ ਖੇਤਰ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਅਮਰੀਕਾ ਦੀ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨਾਲ ਪੰਜਾਬੀ ਸਮਾਜ ਦੇ ਉਹਨਾਂ ਮਾਤਾ ਪਿਤਾ ਨੂੰ ਵੱਡੀ ਰਾਹਤ ਮਿਲੀ ਜਿਨਾਂ ਦੇ ਬੱਚੇ ਅਮਰੀਕਾ ਵਿੱਚ ਪੈਦਾ ਹੋਏ ਹਨ। ਅਮਰੀਕਾ ਦੇ ਸੁਪਰੀਮ ਕੋਰਟ ਦੇ ਜਸਟਿਸ ਜਾੱਨ ਰਾਬਰਟਸ ਨੇ ਫੈਸਲਾ ਸੁਣਾਉਣ ਸਮੇਂ ਟਿੱਪਣੀ ਕੀਤੀ ਕਿ “ਅਮਰੀਕਾ ਦੀ ਧਰਤੀ ‘ਤੇ ਜਨਮ ਲੈਣ ਵਾਲਾ ਹਰ ਬੱਚਾ ਸੰਵਿਧਾਨ ਦੇ 14ਵੇਂ ਸੰਸ਼ੋਧਨ ਤਹਿਤ ਨਾਗਰਿਕ ਹੈ। ਇਸ ਫੈਸਲੇ ਨਾਲ ਅਮਰੀਕਾ ‘ਚ ਰਹਿ ਰਹੇ ਪੰਜਾਬੀ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਕੈਲੀਫੋਰਨੀਆ, ਨਿਊਯਾਰਕ ਅਤੇ ਹੋਰ ਰਾਜਾਂ ‘ਚ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਹਜ਼ਾਰਾਂ ਅਜਿਹੇ ਬੱਚੇ ਸਨ ਜਿਹੜੇ ਡੋਨਾਲਡ ਟਰੰਪ ਦੇ ਜਨਮਜਾਤ ਨਾਗਰਿਕਤਾ ਨਾ ਦੇਣ ਦੇ ਫੈਸਲੇ ਤੋਂ ਪ੍ਰਭਾਵਿਤ ਹੋ ਰਹੇ ਸਨ। ਅਮਰੀਕਾ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਅਮਰੀਕਾ ਵਿੱਚ ਜਨਮੇ ਬੱਚਿਆਂ ਨੂੰ ਸੰਵਿਧਾਨਿਕ ਰੂਪ ਨਾਲ ਨਾਗਰਿਕਤਾ ਦਾ ਅਧਿਕਾਰ ਹੈ। ਡੋਨਾਲਡ ਟਰੰਪ ਨੇ 150 ਸਾਲ ਪੁਰਾਣੇ ਇਸ ਕਾਨੂੰਨ ਨੂੰ ਪ੍ਰਸ਼ਾਸਨਿਕ ਹੁਕਮਾਂ ਨਾਲ ਖਤਮ ਕਰ ਦਿੱਤਾ ਸੀ। ਅਮਰੀਕਾ ਦੀ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਦੇ ਇਹਨਾਂ ਹੁਕਮਾਂ ਦੇ ਖ਼ਿਲਾਫ਼ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ 6-3 ਦੇ ਅਨੁਪਾਤ ਨਾਲ ਫੈਸਲਾ ਸੁਣਾਇਆ।