Skip to main content

Gee 98News

ਹੋ ਗਿਆ ਮਾਮਲਾ ਗੜਬੜ…CM ਵੱਲੋਂ ਦਿੱਤੇ 51 ਲੱਖ ਦੇ ਚੈੱਕ ਦਾ ਮੁੱਦਾ…ਪੰਚਾਇਤ ਨੇ ਕੀਤੇ ਤੇਵਰ ਤਿੱਖੇ

– ਪ੍ਰਬੰਧ ਤੇ ਖਰਚਾ ਅਸੀਂ ਕੀਤਾ ਚੈੱਕ ਕੋਈ ਹੋਰ ਲੈ ਗਿਆ-ਸਰਪੰਚ ਸ਼ੰਭੂ

ਬਰਨਾਲਾ,2 ਜੁਲਾਈ ( ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਹਿਲ ਕਲਾਂ “ਲੋਕ ਮਿਲਣੀ” ਮੌਕੇ ਗ੍ਰਾਮ ਪੰਚਾਇਤ ਮਹਿਲ ਕਲਾਂ ਨੂੰ ਦਿੱਤੇ 51 ਲੱਖ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸ ਮਾਮਲੇ ‘ਤੇ ਬੀਤੀ ਦੇਰ ਸ਼ਾਮ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ ਪ੍ਰੈਸ ਕਾਨਫਰੰਸ ਕਰਕੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਸਰਪੰਚ ਸਰਬਜੀਤ ਸਿੰਘ ਨੇ ਇਸ ਮਾਮਲੇ ਵਿੱਚ ਹਲਕਾ ਵਿਧਾਇਕ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਲੋਕ ਮਿਲਣੀ ਸਮਾਗਮ ਦਾ ਸਾਰਾ ਪ੍ਰਬੰਧ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੇ ਸਰਪੰਚ ਨੇ ਕੀਤਾ ਅਤੇ ਖਰਚਾ ਵੀ ਅਸੀਂ ਹੀ ਕੀਤਾ ਪ੍ਰੰਤੂ ਇਸਦੇ ਬਾਵਜੂਦ ਵੀ ਵਿਕਾਸ ਕਾਰਜਾਂ ਲਈ ਰਾਸ਼ੀ ਦੇਣ ਦੇ ਮਾਮਲੇ ਵਿੱਚ ਸਾਡੇ ਨਾਲ ਪੱਖਪਾਤ ਕੀਤਾ ਗਿਆ ਹੈ। ਸਰਪੰਚ ਸਰਬਜੀਤ ਸਿੰਘ ਨੇ ਸਵਾਲ ਉਠਾਇਆ ਕਿ “ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਹਲਕਾ ਵਿਧਾਇਕ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਮਹਿਲ ਕਲਾਂ ਵਿੱਚ ਦੋ ਪੰਚਾਇਤਾਂ ਬਣੀਆਂ ਹੋਈਆਂ ਹਨ”। ਸਰਪੰਚ ਨੇ ਇਹ ਵੀ ਖੁਲਾਸਾ ਕੀਤਾ ਕਿ ਸਮਾਗਮ ਦੀਆਂ ਤਿਆਰੀਆਂ ਸਮੇਂ ਹੀ ਵਿਧਾਇਕ ਨੇ ਇਹ ਕਿਹਾ ਸੀ ਕਿ “ਖਰਚਾ ਵੀ ਦੋਵੇਂ ਪੰਚਾਇਤਾਂ ਦਾ ਅੱਧੋ ਅੱਧ ਹੋਵੇਗਾ ਅਤੇ ਮਿਲਣ ਵਾਲੀ ਰਾਸ਼ੀ ਵੀ ਅੱਧੋਂ-ਅੱਧ ਹੋਵੇਗੀ ਪ੍ਰੰਤੂ ਇਹ ਰੱਬ ਜਾਣਦਾ ਹੈ ਕਿ “ਹਲਕਾ ਵਿਧਾਇਕ ਆਪਣੇ ਬੋਲਾਂ ਤੋਂ ਕਿਵੇਂ ਬਦਲ ਗਿਆ”। ਸਰਪੰਚ ਸਰਬਜੀਤ ਨੇ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਡੇ ਨਾਲ ਧੱਕਾ ਹੋਇਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸਰਪੰਚ ਸਰਬਜੀਤ ਸਿੰਘ ਦੇ ਨਾਲ ਸਮੁੱਚੀ ਪੰਚਾਇਤ ਵੀ ਹਾਜ਼ਰ ਸੀ ਜਿਨਾਂ ਨੇ ਪਿੰਡ ਲਈ ਵਿਕਾਸ ਕਾਰਜਾਂ ਲਈ ਰਾਸ਼ੀ ਦੇਣ ਦੇ ਮਾਮਲੇ ਵਿੱਚ ਹੋਏ ਪੱਖਪਾਤ ‘ਤੇ ਨਾਰਾਜਗੀ ਦਾ ਪ੍ਰਗਟਾਵਾ ਕਰਦੇ ਹੋਏ ਭਵਿੱਖ ਵਿੱਚ ਵੱਡਾ ਐਕਸ਼ਨ ਲੈਣ ਦਾ ਸੰਕੇਤ ਵੀ ਦਿੱਤਾ। ਦੱਸ ਦੇਈਏ ਕਿ ਵਿਧਾਇਕ ਦੇ ਖੇਮੇ ਵੱਲੋਂ ਸਰਪੰਚ ਸਰਬਜੀਤ ਸਿੰਘ ਹੁਣ ਚੈੱਕ ਦੀ 51 ਲੱਖ ਰੁਪਏ ਦੀ ਰਕਮ ਅੱਧੋ ਅੱਧੀਂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰੰਤੂ ਸਰਪੰਚ ਵੱਲੋਂ ਇਸ ‘ਤੇ ਯਕੀਨਨ ਨਹੀਂ ਕੀਤਾ ਜਾ ਰਿਹਾ। ਸਰਪੰਚ ਦਾ ਕਹਿਣਾ ਹੈ ਕਿ ਜਦੋਂ ਵਿਧਾਇਕ ਪਹਿਲਾਂ ਆਖੀ ਗੱਲ ਤੋਂ ਮੁੱਕਰ ਗਿਆ ਤਾਂ ਹੁਣ ਭਰੋਸਾ ਕਿਵੇਂ ਕਰੀਏ। ਮੁੱਖ ਮੰਤਰੀ ਵੱਲੋਂ ਮਹਿਲ ਕਲਾਂ ਨੂੰ ਦਿੱਤੇ 51 ਲੱਖ ਦੇ ਚੈੱਕ ਸਬੰਧੀ ਦੂਜੇ ਪਾਸੇ ਇਹ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ ਕਿ ਮੁੱਖ ਮੰਤਰੀ ਵੱਲੋਂ ਦਿੱਤੇ 51 ਲੱਖ ਰੁਪਏ ਵਿੱਚੋਂ ਕੁਝ ਲੱਖ ਰੁਪਏ ਤਾਂ ਪਹਿਲਾਂ ਹੀ ਗ੍ਰਾਮ ਪੰਚਾਇਤ ਮਹਿਲ ਕਲਾਂ ਲਈ ਆ ਚੁੱਕਿਆ ਹੈ ਅਤੇ ਉਸ ਨਾਲ ਵਿਕਾਸ ਕਾਰਜ ਸ਼ੁਰੂ ਹੀ ਨਹੀਂ ਹੋਏ ਸਗੋਂ ਮੁਕੰਮਲ ਹੋਣ ਦੇ ਨੇੜੇ ਹਨ। ਗ੍ਰਾਮ ਪੰਚਾਇਤ ਮਹਿਲ ਕਲਾਂ ਦੇ ਲੋਕ ਵੀ ਇਸ ਭੰਬਲਭੂਸੇ ਵਿੱਚ ਹਨ ਕਿ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ 51 ਲੱਖ ਰੁਪਏ ਨਵੇਂ ਸਿਰੇ ਤੋਂ ਆਵੇਗਾ ਜਾਂ ਫਿਰ ਪਹਿਲਾਂ ਦਿੱਤਾ ਪੈਸਾ ਹੀ ਇਸ ਵਿੱਚ ਗਿਣ ਲਿਆ ਜਾਵੇਗਾ ਕਿਉਂਕਿ ਗ੍ਰਾਮ ਪੰਚਾਇਤ ਮਹਿਲ ਕਲਾਂ ਵੱਲੋਂ 51 ਲੱਖ ਨਾਲ ਸਬੰਧਿਤ ਜਾਰੀ ਕੀਤੀ ਕੰਮਾਂ ਦੀ ਡਿਟੇਲ ਪਹਿਲਾਂ ਤੋਂ ਸ਼ੁਰੂ ਹੋ ਚੁੱਕੇ ਕੰਮਾਂ ਵਾਲੀ ਹੀ ਹੈ। ਸਰਪੰਚ ਸਰਬਜੀਤ ਸਿੰਘ ਸ਼ੰਬੂ ਦੀ ਅਗਵਾਈ ਹੇਠ ਇਕੱਠੀ ਹੋਈ ਸਮੁੱਚੀ ਪੰਚਾਇਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੱਖਰੇ ਤੌਰ ‘ਤੇ 51 ਲੱਖ ਰੁਪਏ ਦੀ ਚੈੱਕ ਦੀ ਮੰਗ ਕੀਤੀ ਹੈ। ਇਸ ਮਾਮਲੇ ‘ਚ ਜਦੋਂ ਪੱਤਰਕਾਰਾਂ ਨੇ ਵਿਧਾਇਕ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “ਮੈਂ ਚੰਡੀਗੜ੍ਹ ਹਾਂ,ਚੰਡੀਗੜ੍ਹੋਂ ਆ ਕੇ ਗੱਲ ਕਰਦੇ ਹਾਂ”। ਹੁਣ ਵੇਖਣਾ ਹੋਵੇਗਾ ਕਿ ਵਿਧਾਇਕ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਦੀ ਪੰਚਾਇਤ ਦੇ ਤੇਵਰਾਂ ਨੂੰ ਠੰਡਾ ਕਰਨ ਲਈ ਕਿਹੜਾ ਲੋਲੀਪੌਪ ਦਿੰਦੇ ਹਨ ਕਿਉਂਕਿ 51 ਲੱਖ ਰੁਪਏ ਦਾ ਇੱਕ ਹੋਰ ਚੈੱਕ ਦੇਣਾ ਤਾਂ ਫਿਲਹਾਲ ਸੰਭਵ ਨਹੀਂ ਲੱਗਦਾ। ਇਸ ਮੌਕੇ ਪੰਚ ਬ੍ਰਹਮ ਦੱਤ ਕਿਸ਼ੋਰ,ਕੁਲਦੀਪ ਸਿੰਘ ਮਾਣਕ , ਜਗਸੀਰ ਸਿੰਘ ਸੀਰਾ, ਪੰਚ ਸੁਖਵੰਤ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ ਗੋਰਾ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ,ਮਿਸਤਰੀ ਚੇਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Gee98 Ads
error: Content is protected !!