-DC ਦਫਤਰਾਂ ਦੇ ਕਰਮਚਾਰੀਆਂ ਵੱਲੋਂ 9 ਜੁਲਾਈ ਤੋਂ ਕਲਮਛੋੜ/ਕੰਪਿਊਟਰ ਬੰਦ ਹੜ੍ਹਤਾਲ ਦਾ ਐਲਾਨ
ਬਰਨਾਲਾ, 5 ਜੁਲਾਈ, ( ਨਿਰਮਲ ਸਿੰਘ ਪੰਡੋਰੀ )-
ਪੰਜਾਬ ਦੇ ਸਾਰੇ ਡੀਸੀ ਦਫ਼ਤਰ, ਐਸਡੀਐਮ ਦਫ਼ਤਰ ਅਤੇ ਤਹਿਸੀਲ ਦਫ਼ਤਰ 9 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਬੰਦ ਹੋ ਸਕਦੇ ਹਨ ਕਿਉਂਕਿ ਇਹਨਾਂ ਦਫ਼ਤਰਾਂ ਦੇ ਕਰਮਚਾਰੀਆਂ ਦੀ ਜਥੇਬੰਦੀ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਕਲਮ ਛੋੜ ਹੜ੍ਹਤਾਲ ਤੇ ਕੰਪਿਊਟਰ ਬੰਦ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਤਕੜਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ‘ਦੀ ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਅਤੇ ਜ਼ਿਲ੍ਹਾ ਸਕੱਤਰ ਵਿੱਕੀ ਡਾਬਲਾ ਨੇ ਦੱਸਿਆ ਕਿ ਮੋਗਾ ਵਿਖੇ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਸਕੱਤਰ ਨਰਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਚਾਰ ਹੋਇਆ ਕਿ ਡੀ.ਸੀ. ਦਫਤਰਾਂ ਵਿੱਚ ਸੀਨੀਅਰ ਸਹਾਇਕ ਦਾ ਪ੍ਰਮੋਸ਼ਨ ਕੋਟਾ 100% ਕਰਕੇ 25-26 ਸਾਲ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਪ੍ਰਮੋਸ਼ਨ ਰਾਹੀਂ ਭਰਨਾ, ਸੁਪਰਡੈਂਟ ਗ੍ਰੇਡ-2 ਤੋਂ ਤਹਿਸੀਲਦਾਰ ਤਰੱਕੀ ਲਈ ਤਜਰਬਾ ਘਟਾ ਕੇ 2 ਸਾਲ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪ੍ਰਮੋਸ਼ਨ ਲਈ ਕੋਟਾ ਵਧਾ ਕੇ 25 ਪ੍ਰਤੀਸ਼ਤ ਕਰਨਾ, ਸੁਪਰਡੈਂਟ ਗ੍ਰੇਡ-2 ਤੋਂ ਤਹਿਸੀਲਦਾਰ ਤਰੱਕੀ ਲਈ ਸਰਕਾਰ ਪਾਸ ਪਹਿਲਾਂ ਹੀ ਪਹੁੰਚ ਚੁੱਕੇ ਪੈਨਲ ਅਨੁਸਾਰ ਤਰੱਕੀਆਂ ਕਰਨਾ, ਤਹਿਸੀਲਾਂ ਵਿੱਚ ਸੁਪਰਡੈਂਟ (ਮਾਲ ਤੇ ਰਿਕਾਰਡ) ਅਸਾਮੀ ਦੀ ਰਚਨਾ ਕਰਨ ਸਮੇਤ ਅਨੇਕਾਂ ਹੋਰ ਅਜਿਹੀਆਂ ਮੰਗਾਂ ਹਨ ਜਿਨਾਂ ਸਬੰਧੀ ਕਰਮਚਾਰੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਇਹਨਾਂ ਹੱਕੀ ਮੰਗਾਂ ਸਬੰਧੀ ਲਾਰੇ ਹੀ ਲਗਾ ਰਹੀ ਹੈ।
ਇਸ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ‘ਤੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਪਾਰਟੀ ਵੱਲੋਂ ਅਣਮਨੁੱਖੀ ਵਤੀਰਾ ਕਰਕੇ ਤਸ਼ੱਦਦ ਕਰਨ ਵਾਲੇ ਸਬੰਧਤ ਪੁਲਿਸ ਕਰਮੀਆਂ ‘ਤੇ ਕਾਰਵਾਈ ਵੀ ਨਹੀਂ ਕੀਤੀ ਗਈ। ਉਨਾਂ ਦੱਸਿਆ ਕਿ ਵਿੱਤੀ ਕਮਿਸ਼ਨਰ (ਮਾਲ) ਪੰਜਾਬ ਨਾਲ ਮਿਤੀ 07-05-2026 ਅਤੇ ਫਿਰ ਮਾਲ ਮੰਤਰੀ ਪੰਜਾਬ ਨਾਲ ਮਿਤੀ 30-06-2026 ਨੂੰ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਜਿਸ ਦੇ ਰੋਸ ਵਜੋਂ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਵਿੱਚ ਸਾਰੇ ਆਗੂਆਂ ਦੇ ਆਏ ਵਿਚਾਰਾਂ ਦੇ ਮੱਦੇਨਜ਼ਰ ਸੂਬਾ ਕਮੇਟੀ ਵੱਲੋਂ ਸਰਕਾਰ ਨੂੰ 5 ਦਿਨਾਂ ਦਾ ਅਲਟੀਮੇਟਮ ਨੋਟਿਸ ਭੇਜਦੇ ਹੋਏ ਮਿਤੀ 09-07-2026 ਤੋਂ 12-07-2026 ਤੱਕ ਕਲਮਛੋੜ/ਕੰਪਿਊਟਰ ਬੰਦ ਹੜ੍ਹਤਾਲ ‘ਤੇ ਜਾਣ ਦਾ ਸਖ਼ਤ ਫੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਚਿਤਵਾਨੀ ਵੀ ਦਿੱਤੀ ਗਈ ਕਿ ਜੇਕਰ ਇਸ ਦੌਰਾਨ ਵੀ ਉਨਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਮਿਤੀ 12-07-2026 ਨੂੰ ਆਨਲਾਈਨ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਖਤ ਫੈਸਲੇ ਲਏ ਜਾਣਗੇ।ਇਸ ਮੌਕੇ ਜਿਲ੍ਹੇ ਵੱਲੋਂ ਜਗਜੀਤ ਸਿੰਘ ਮੱਲੀ ਸਹਾਇਕ ਪ੍ਰੈਸ ਸਕੱਤਰ ਅਤੇ ਯਾਦਵਿੰਦਰ ਸਿੰਘ ਨੇ ਵੀ ਮੀਟਿੰਗ ਵਿੱਚ ਭਾਗ ਲਿਆ।