– ਗੋਲਡੀ ਬਰਾੜ ਦੇ ਖ਼ਿਲਾਫ਼ ਵੀ ਅਮਰੀਕਾ ਦੀ ਵੱਡੀ ਕਾਰਵਾਈ
ਚੰਡੀਗੜ੍ਹ , 8 ਜੁਲਾਈ, Gee98 News service-
-ਭਾਰਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਮਾਜ ਵਿਰੋਧੀ ਗਤੀਵਿਧੀਆਂ ‘ਚ ਸਰਗਰਮ ਗੈਂਗਸਟਰਾਂ ਦੇ ਖ਼ਿਲਾਫ਼ ਅਮਰੀਕਾ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਜਿੱਥੇ ਗੋਲਡੀ ਬਰਾੜ ਦੇ ਖ਼ਿਲਾਫ਼ ਵੱਡਾ ਇਨਾਮ ਰੱਖਿਆ ਹੈ ਉੱਥੇ ਲਾਰੈਂਸ ਬਿਸ਼ਨੋਈ,ਜੱਗੂ ਭਗਵਾਨਪੁਰੀਆ ਨੂੰ ਭਾਰਤ ਤੋਂ ਅਮਰੀਕਾ ਭੇਜਣ ਸਬੰਧੀ ਵੀ ਕਾਨੂੰਨੀ ਚਾਰਾਜੋਈ ਸ਼ੁਰੂ ਕਰਨ ਦੀ ਗੱਲ ਆਖੀ ਹੈ। ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਗੈਂਗ ਦੇ ਖ਼ਿਲਾਫ਼ ਇੱਕ ਸਾਂਝਾ ਵੱਡਾ ਐਕਸ਼ਨ ਕਰਦੇ ਹੋਏ ਅਮਰੀਕਾ, ਕੈਨੇਡਾ ਤੇ ਯੂਰਪ ‘ਚ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕੀਤੀ ਜਿਸ ਦੌਰਾਨ 24 ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਜਦੋਂ ਕਿ ਕੁੱਲ 37 ਜਣਿਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਦੂਜੇ ਪਾਸੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਂਡ ‘ਚ ਵੀ ਆਰੋਪੀ ਬਣਾਇਆ ਗਿਆ ਹੈ। ਐਫਬੀਆਈ ਦਾ ਦਾਅਵਾ ਹੈ ਕਿ ਇਹਨਾਂ ਦੋਨਾਂ ਨੇ ਮਿਲ ਕੇ ਨਿੱਝਰ ਹੱਤਿਆਕਾਂਡ ਦੀ ਸਾਜਿਸ਼ ਰਚੀ ਸੀ ਜਿਸ ਵਿੱਚ ਹੋਰ ਗੈਂਗਸਟਰਾਂ ਦੇ ਨਾਮ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਕਿ ਨਿੱਝਰ ਕਤਲ ਕਾਂਡ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਹੈ। FBI ਦੇ ਦੋਸ਼ ਅਨੁਸਾਰ ਬਿਸ਼ਨੋਈ ਭਾਰਤ ਵਿੱਚ ਜੇਲ੍ਹ ਵਿੱਚ ਹੁੰਦੇ ਹੋਏ ਵੀ ਆਪਣਾ ਨੈਟਵਰਕ ਚਲਾ ਰਿਹਾ ਹੈ ਤੇ ਉਸਦੇ ਸਹਿਯੋਗੀ ਭਾਰਤ, ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਕੁਝ ਹੋਰ ਦੇਸ਼ਾਂ ਵਿੱਚ ਟਾਰਗਿਟ ਕਿਲਿੰਗ ਅਤੇ ਡਰੱਗ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹਨ। ਅਮਰੀਕੀ ਜਾਂਚ ਏਜੰਸੀ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਸਰਕਾਰ ਨਾਲ ਸੰਪਰਕ ਕਰਨਗੇ ਤਾਂ ਜੋ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਅਤੇ ਇਹਨਾਂ ਦੀ ਮਦਦ ਕਰੇ ਹੋਰ ਗੈਂਗਸਟਰਾਂ ਨੂੰ ਅਮਰੀਕਾ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਐਫਬੀਆਈ ਨੇ ਗੋਲਡੀ ਬਰਾੜ ਦੇ ਸਿਰ ‘ਤੇ 50 ਹਜ਼ਾਰ ਡਾਲਰ ਦਾ ਵੱਡਾ ਇਨਾਮ ਵੀ ਰੱਖਿਆ ਹੈ।