ਬਰਨਾਲਾ, 29 ਜੁਲਾਈ ( ਨਿਰਮਲ ਸਿੰਘ ਪੰਡੋਰੀ )-
ਬਰਨਾਲਾ ਜ਼ਿਲ੍ਹੇ ਵਿੱਚ ਸਰਕਾਰੀ ਇਮਾਰਤਾਂ ਅਤੇ ਥਾਵਾਂ ਦੀ ਸਾਂਭ ਸੰਭਾਲ ਸਬੰਧੀ ਜ਼ਿਲ੍ਹੇ ਦੇ ਵੱਡੇ ਅਫਸਰਾਂ ਦੀ ਸੰਜੀਦਗੀ ਦੀ ਬੀਤੇ ਕੱਲ੍ਹ ਕੁਝ ਪੱਤਰਕਾਰਾਂ ਨੇ ਸਟਿੰਗ ਆਪਰੇਸ਼ਨ ਕਰਕੇ ਫੂਕ ਕੱਢ ਦਿੱਤੀ। ਬਰਨਾਲਾ ਜ਼ਿਲ੍ਹੇ ਦੇ ਵੱਡੇ ਅਫ਼ਸਰਾਂ ਦੇ ਨੱਕ ਹੇਠ ਬਣਿਆ ਬਰਨਾਲਾ ਦਾ ਸਰਕਾਰੀ ਰੈਸਟ ਹਾਊਸ ਦੀ ਤਰਸਯੋਗ ਹਾਲਤ ਸਬੰਧੀ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਸਰਕਾਰੀ ਇਮਾਰਤਾਂ ਅਤੇ ਥਾਵਾਂ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਨੂੰ ਲੋਕ ਕਟਹਿਰੇ ਵਿੱਚ ਖੜਾ ਕਰਦੀਆਂ ਹਨ। ਬਰਨਾਲਾ ਦੇ ਸਰਕਾਰੀ ਰੈਸਟ ਹਾਊਸ ਦੀ ਜੇਕਰ ਤਰਸਯੋਗ ਹਾਲਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੋਡੇ ਗੋਡੇ ਘਾਹ, ਗਾਜਰ ਬੂਟੀ ਤੋਂ ਇਲਾਵਾ ਗੰਦਗੀ ਦੇ ਢੇਰ ਇੱਥੇ ਸਰਕਾਰੀ ਮਹਿਮਾਨਾਂ ਦਾ ਸਵਾਗਤ ਕਰਦੇ ਹਨ। ਰੈਸਟ ਹਾਊਸ ਦੀ ਬਦਤਰ ਹਾਲਤ ਇਹ ਬਾਖ਼ੂਬੀ ਬਿਆਨ ਕਰਦੀ ਹੈ ਕਿ ਕਈ ਮਹੀਨਿਆਂ ਤੋਂ ਜਿਵੇਂ ਇੱਥੇ ਸਫਾਈ ਕੀਤੀ ਹੀ ਨਾ ਗਈ ਹੋਵੇ। ਇਹ ਦੱਸਣਯੋਗ ਹੈ ਕਿ ਸਰਕਾਰੀ ਰੈਸਟ ਹਾਊਸ ਵਿੱਚ ਮੰਤਰੀਆਂ ਅਤੇ ਵੱਡੇ ਸਰਕਾਰੀ ਅਧਿਕਾਰੀਆਂ ਦੇ ਆਰਾਮ ਕਰਨ ਲਈ ਜਾਂ ਮੀਡੀਆ ਨਾਲ ਮੁਖ਼ਾਤਿਬ ਹੋਣ ਲਈ ਕਮਰੇ ਬਣੇ ਹੋਏ ਹਨ ਪ੍ਰੰਤੂ ਖ਼ਬਰਾਂ ਅਨੁਸਾਰ ਇਹ ਕਮਰੇ ਅੱਜ ਕੱਲ ਸੱਤਾਧਾਰੀ ਪਾਰਟੀ ਦੀ ਦਿੱਲੀ ਟੀਮ ਦੇ ਕੁਝ ਮੈਂਬਰਾਂ ਦੇ ਕਬਜ਼ੇ ਵਿੱਚ ਹਨ ਜਿਹੜੇ ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਇੱਕ “ਖਾਸ ਮਿਸ਼ਨ” ‘ਤੇ ਪੰਜਾਬ ਆਏ ਹੋਏ ਹਨ। ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੇ ਇਹਨਾਂ ਮੈਂਬਰਾਂ ਨੂੰ ਮਨੀਸ਼ ਸਿਸੋਦੀਆ ਦੀ ਟੀਮ ਵੀ ਕਿਹਾ ਜਾਂਦਾ ਹੈ। ਇਹ ਪੜ੍ਹਤਾਲ ਦਾ ਵਿਸ਼ਾ ਹੈ ਕਿ ਆਪ ਦੀ ਦਿੱਲੀ ਟੀਮ ਦੇ ਇਹਨਾਂ ਵਰਕਰਾਂ ਨੂੰ ਸਰਕਾਰੀ ਰੈਸਟ ਹਾਊਸ ਦੇ ਕਮਰੇ ਕਿਰਾਏ ‘ਤੇ ਦਿੱਤੇ ਗਏ ਹਨ ਜਾਂ ਫਿਰ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਥਾਨਕ ਪ੍ਰਸ਼ਾਸਨ ਦੇ ਸਿਆਸੀ ਮਹਿਮਾਨ ਹਨ । ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਹਰਸ਼ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰਿਕਾਰਡ ਚੈੱਕ ਕਰਕੇ ਹੀ ਦੱਸ ਸਕਦੇ ਹਨ ਕਿ ਇਹਨਾਂ ਕਮਰਿਆਂ ਦਾ ਕਿੰਨਾ ਕਿਰਾਇਆ ਲਿਆ ਜਾਂ ਚੁੱਕਾ ਹੈ। ਇਹ ਵੀ ਪੜ੍ਹਤਾਲ ਦਾ ਵਿਸ਼ਾ ਹੈ ਕਿ ਕਿਸੇ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਇੱਕ ਖਾਸ ਮਿਸ਼ਨ ਲਈ ਸਰਕਾਰੀ ਰੈਸਟ ਹਾਊਸ ਦੇ ਕਮਰੇ ਕਿਰਾਏ ‘ਤੇ ਦਿੱਤੇ ਵੀ ਜਾ ਸਕਦੇ ਹਨ ਜਾਂ ਨਹੀਂ ਜਾਂ ਫਿਰ ਕਿਸੇ ਇੱਕ ਸੰਸਥਾ ਦੇ ਵਿਅਕਤੀ ਨੂੰ ਕਿੰਨੇ ਸਮੇਂ ਲਈ ਇੱਕ ਕਮਰਾ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ ?