Skip to main content

Gee 98News

ਵਿਧਾਇਕ ਕਾਲਾ ਢਿੱਲੋਂ ਨੇ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਆਰਥਿਕ ਦਸ਼ਾ ਸੁਧਾਰਨ ਦਾ ਮੁੱਦਾ ਚੁੱਕਿਆ

– ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਲਈ ਨੌਕਰੀਆਂ ਦੇ ਰਾਖਵਾਂਕਰਨ ‘ਚ ਵਾਧਾ ਕਰੇ ਸਰਕਾਰ-ਵਿਧਾਇਕ ਢਿੱਲੋਂ

ਚੰਡੀਗੜ੍ਹ,7 ਜੁਲਾਈ, ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬੀਤੇ ਕੱਲ੍ਹ ਵਿਧਾਨ ਸਭਾ ‘ਚ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਨੌਕਰੀਆਂ ‘ਚ ਰਾਖਵਾਂਕਰਨ ਦਾ ਮੁੱਦਾ ਉਠਾਇਆ। ਵਿਧਾਇਕ ਢਿੱਲੋਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਪੰਜਾਬ ਦੇ ਸੁਤੰਤਰਤਾ ਸੰਗਰਾਮੀ ਮੰਤਰੀ ਸ੍ਰੀ ਮਹਿੰਦਰ ਭਗਤ ਨੂੰ ਪੁੱਛਿਆ ਕਿ “ਕੀ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਤੀਜੀ ਪੀੜੀ ਤੱਕ ਨੌਕਰੀਆਂ ‘ਚ ਮਿਲਦੇ 1% ਰਾਖਵਾਂਕਰਨ ਨੂੰ ਵਧਾ ਕੇ 2 ਫੀਸਦੀ ਕਰਨ ਦਾ ਕੋਈ ਵਿਚਾਰ ਹੈ ਜਾਂ ਨਹੀਂ” ? ਇਸ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਦੀ ਚੌਥੀ ਪੀੜੀ ਦੇ ਵਾਰਿਸਾਂ ਨੂੰ ਨੌਕਰੀ ‘ਚ ਦਿੱਤੇ ਜਾ ਰਹੇ ਰਾਖਵਾਂਕਰਨ ‘ਚ ਵਾਧਾ ਕੀਤੇ ਜਾਣ ਦਾ ਵਿਚਾਰ ਕਰ ਰਹੀ ਹੈ। ਆਪਣੇ ਵੱਲੋਂ ਉਠਾਏ ਇਸ ਮੁੱਦੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਕਿਹਾ ਕਿ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਦੀ ਖ਼ਾਤਰ ਆਜ਼ਾਦੀ ਘੁਲਾਟੀਆਂ ਨੇ ਜਿੱਥੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉੱਥੇ ਉਹਨਾਂ ਨੇ ਅਨੇਕਾਂ ਤਸੀਹੇ ਵੀ ਝੱਲੇ ਅਤੇ ਸਮੇਂ ਦੀ ਹਕੂਮਤ ਵੱਲੋਂ ਉਹਨਾਂ ਦੀਆਂ ਜਾਇਦਾਦਾਂ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀਆਂ,ਜਿਸ ਕਰਕੇ ਆਜ਼ਾਦੀ ਘੁਲਾਟੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਕਈ ਵਰ੍ਹਿਆਂ ਤੱਕ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਮਾਜ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਉਹ ਹੱਕਦਾਰ ਹਨ। ਉਹਨਾਂ ਕਿਹਾ ਕਿ ਕਈ ਵਾਰ ਸਰਕਾਰੀ ਸਮਾਗਮਾਂ ‘ਚ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੇ ਨਿਰਾਦਰ ਦੀਆਂ ਖ਼ਬਰਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਇਹ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਕਿ ਸਮਾਜ ਵਿੱਚ ਕਿਧਰੇ ਆਜ਼ਾਦੀ ਘੁਲਾਟੀਆਂ ਦੇ ਵਾਰਿਸ ਆਪਣੇ ਹੱਕਾਂ ਦੀ ਖ਼ਾਤਰ ਅੰਦੋਲਨ ਕਰਨ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਪਰੰਤੂ ਸਮੇਂ ਦੀਆਂ ਸਰਕਾਰਾਂ ਨੇ ਇਸ ਸੱਚਾਈ ਤੋਂ ਮੁੱਖ ਮੋੜਿਆ ਹੋਇਆ ਹੈ ਕਿ ਇਹ ਆਜ਼ਾਦੀ ਘੁਲਾਟੀਏ ਹੀ ਹਨ ਜਿਨਾਂ ਦੀ ਬਦੌਲਤ ਅਸੀਂ ਰਾਜਭਾਗ ਮਾਣ ਰਹੇ ਹਾਂ। ਵਿਧਾਇਕ ਢਿੱਲੋਂ ਨੇ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਹਰੇਕ ਸਰਕਾਰੀ ਸਮਾਗਮ ‘ਚ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਲਈ ਬੈਠਣ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਇਸ ਲਈ ਸਬੰਧਿਤ ਸਰਕਾਰੀ ਅਧਿਕਾਰੀ ਨੂੰ ਲਿਖ਼ਤੀ ਤੌਰ ‘ਤੇ ਪਾਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਨੌਕਰੀਆਂ ‘ਚ ਆਜ਼ਾਦੀ ਘੁਲਾਟੀਆਂ ਦੀ ਚੌਥੀ ਪੀੜੀ ਦੇ ਵਾਰਿਸਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਵਿਧਾਇਕ ਢਿੱਲੋਂ ਨੇ ਇਹ ਦੁੱਖ ਵੀ ਜ਼ਾਹਿਰ ਕੀਤਾ ਕਿ ਅਜੇ ਵੀ ਸਮਾਜ ਵਿੱਚ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੇ ਕੁਝ ਅਜਿਹੇ ਪਰਿਵਾਰ ਹਨ ਜਿਹੜੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਕਿਉਂਕਿ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯੋਗ ਉਪਰਾਲੇ ਨਹੀਂ ਕੀਤੇ।

Gee98 Ads
error: Content is protected !!