ਚੰਡੀਗੜ੍ਹ,12 ਅਗਸਤ ( ਨਿਰਮਲ ਸਿੰਘ ਪੰਡੋਰੀ )-
-ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਪਹਿਲਾ ਰਾਉਂਡ ਪੂਰਾ ਹੋ ਗਿਆ ਹੈ ਜਿਸ ਤੋਂ ਬਾਅਦ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ‘ਚ SIR ਤਹਿਤ ਲੱਗਭੱਗ 20.66 ਲੱਖ ਵੋਟਰਾਂ ਦੇ ਨਾਮ ਡਰਾਫਟ ਵੋਟਰ ਸੂਚੀ ਤੋਂ ਬਾਹਰ ਰਹਿਣਗੇ ਇਹਨਾਂ ਵਿੱਚੋਂ ਕਰੀਬ 9.5 ਲੱਖ ਵੋਟਰ ਪੱਕੇ ਤੌਰ ‘ਤੇ ਪੰਜਾਬ ਰਾਜ ਤੋਂ ਬਾਹਰ ਜਾ ਚੁੱਕੇ ਹਨ, ਜਦਕਿ 5.75 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ 1.20 ਲੱਖ ਵੋਟਰ ਡੁਪਲੀਕੇਟ ਨਿਕਲੇ ਹਨ ਜਦ ਕਿ 4.12 ਲੱਖ ਵੋਟਰ ਅਜਿਹੇ ਹਨ ਜਿਨਾਂ ਦਾ ਪੂਰੇ ਪੰਜਾਬ ਵਿੱਚ ਕੋਈ ਅਤਾ ਪਤਾ ਹੀ ਨਹੀਂ ਲੱਗਿਆ। ਉਕਤ ਵੇਰਵੇ ਵਾਲੇ ਵੋਟਰਾਂ ਵਿੱਚੋਂ ਮ੍ਰਿਤਕ ਵੋਟਰਾਂ ਨੂੰ ਛੱਡ ਕੇ ਜੇਕਰ ਕੋਈ ਵੋਟਰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਫਾਈਨਲ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਿਲ ਕਰਵਾਉਣਾ ਚਾਹੁੰਦਾ ਹੈ ਤਾਂ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ERO,ERO ਜਾਂ BLOਕੋਲ ਨਿਯਮਾਂ ਤਹਿਤ ਆਪਣਾ ਦਾਅਵਾ ਦਰਜ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਡਰਾਫਟ ਵੋਟਰ ਸੂਚੀ ਵਿੱਚ ਕੋਈ ਵੋਟ ਕਟਵਾਉਣਾ ਵੀ ਚਾਹੁੰਦਾ ਹੈ ਤਾਂ ਵੀ ਨਿਯਮਾਂ ਤਹਿਤ BLO ਜਾਂ ERO ਕੋਲ ਜਾ ਕੇ ਇਤਰਾਜ਼ ਕੀਤਾ ਜਾ ਸਕਦਾ ਹੈ। ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਇਸ ਵਿੱਚ ਆਪਣਾ ਨਾਮ ਲੱਭਣ ਲਈ ਵੋਟਰ ਆਪਣੇ ਬੂਥ ਦੇ BLO ਜਾਂ ERO ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਡਰਾਫਟ ਵੋਟਰ ਸੂਚੀ ਵਿੱਚ ਆਨਲਾਈਨ ਨਾਮ ਲੱਭਣ ਲਈ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰਤ ਪੋਰਟਲ voters.eci.gov.in ਤੇ ਜਾ ਕੇ ‘Search in Electoral’ ‘ਤੇ ਆਪਣਾ ਨਾਮ ਲੱਭਿਆ ਜਾ ਸਕਦਾ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਜਿਨਾਂ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਨਾਮ ਦਰਜ ਨਹੀਂ ਹਨ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਉਹ ਚੋਣ ਕਮਿਸ਼ਨ ਵੱਲੋਂ ਦਿੱਤੇ ਸਮੇਂ ਦੇ ਅੰਦਰ ਦਾਅਵਾ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ, ਇਸੇ ਤਰ੍ਹਾਂ 13 ਅਗਸਤ ਤੋਂ ਲੈ ਕੇ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਕੀਤੇ ਜਾ ਸਕਣਗੇ ਜਿਸ ਦੌਰਾਨ ਫਾਰਮ ਨੰਬਰ 6 ਭਰ ਕੇ ਆਪਣਾ ਨਾਮ ਫਾਈਨਲ ਵੋਟਰ ਸੂਚੀ ਵਿੱਚ ਦਰਜ ਕਰਵਾਇਆ ਜਾ ਸਕੇਗਾ। ਫਾਈਨਲ ਵੋਟਰ ਸੂਚੀ ਵਿੱਚ ਆਪਣਾ ਦਰਜ ਨਾਮ ਦਰਜ ਕਰਵਾਉਣ ਲਈ ਕਿਸੇ ਵੀ ਵੋਟਰ ਨੂੰ BLO ਵੱਲੋਂ ਦੱਸੇ ਗਏ ਦਸਤਾਵੇਜ਼ ਦੇਣੇ ਜ਼ਰੂਰੀ ਹਨ।