Skip to main content

Gee 98News

ਤ੍ਰਾਸਦੀ…ਆਜ਼ਾਦੀ ਦਿਵਸ ਦੀ ਰਿਹਰਸਲ ‘ਚ ਭਾਗ ਲੈਣ ਤੋਂ ਬਾਅਦ ਮੁਲਾਜ਼ਮਾਂ ਨੇ ਸਾੜਿਆ ਵਿੱਤ ਮੰਤਰੀ ਦਾ ਪੁਤਲਾ

– ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਵਾਲਿਆਂ ਨੂੰ ਸਬਕ ਸਿਖਾਵਾਂਗੇ- ਮੁਲਾਜ਼ਮ ਆਗੂ

ਬਰਨਾਲਾ,13 ਅਗਸਤ,( ਨਿਰਮਲ ਸਿੰਘ ਪੰਡੋਰੀ )-

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਮੁਲਾਜ਼ਮ ਮੰਗਾਂ ਨਾ ਮੰਨੇ ਜਾਣ ‘ਤੇ ਸੰਘਰਸ਼ ਨੂੰ ਅੱਜ ਹੋਰ ਤਿੱਖਾ ਕਰਦਿਆਂ ਜ਼ਿਲ੍ਹਾ ਪੱਧਰ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪੁਤਲੇ ਸਾੜੇ ਅਤੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇੱਕ ਪਾਸੇ ਆਜ਼ਾਦੀ ਦਿਵਸ ਨੂੰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਪਰੰਤੂ ਦੂਜੇ ਪਾਸੇ ਸੂਬੇ ਦੇ ਮੁਲਾਜ਼ਮ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਆਜ਼ਾਦੀ ਦਿਵਸ ਤੋਂ ਦੋ ਦਿਨ ਪਹਿਲਾਂ ਤੱਕ ਵੀ ਮੁਲਾਜ਼ਮਾਂ ਵੱਲੋਂ ਕੈਬਿਨਟ ਮੰਤਰੀ ਦੇ ਪੁਤਲੇ ਸਾੜੇ ਜਾ ਰਹੇ ਹਨ। ਪੰਜਾਬ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸ਼ਰਮਾ ਜਨਰਲ ਸਕੱਤਰ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਹ ਪਹਿਲਾਂ ਆਜ਼ਾਦੀ ਦਿਹਾੜੇ ਸਬੰਧੀ ਰਿਹਰਸਲਾਂ ਵਿੱਚ ਭਾਗ ਲੈ ਚੁੱਕੇ ਹਨ ਜਦਕਿ ਪੰਜਾਬ ਦਾ ਵਿੱਤ ਮੰਤਰੀ ਉਹਨਾਂ ਨੂੰ ਐਂਟੀ ਸਟੇਟ ਦੱਸਦਾ ਹੈ। ਉਹਨਾਂ ਕਿਹਾ ਕਿ ਸਮੁੱਚੇ ਮੁਲਾਜ਼ਮ 15 ਅਗਸਤ ਨੂੰ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਲਈ ਵੱਧ ਚੜ ਕੇ ਆਪਣੀਆਂ ਡਿਊਟੀਆਂ ਨਿਭਾ ਕੇ ਵਤਨ ਪ੍ਰਸਤੀ ਦੀ ਮਿਸਾਲ ਦੇਣਗੇ ਜਿਹੜੀ ਕਿ ਮੁਲਾਜ਼ਮਾਂ ਨੂੰ ਐਂਟੀ ਸਟੇਟ ਦੱਸਣ ਵਾਲੇ ਲੀਡਰਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੋਵੇਗੀ। ਉਹਨਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਦੇ 95 ਵਿਧਾਇਕਾਂ ਵਿੱਚੋਂ ਇੱਕ ਵੀ ਵਿਧਾਇਕ ਮੁਲਾਜ਼ਮਾਂ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ, ਜਦ ਕਿ ਵਿਰੋਧੀ ਧਿਰ ਚ ਹੁੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਸ਼ਾਮਿਲ ਹੁੰਦੇ ਰਹੇ ਹਨ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ‘ਚ ਹੁੰਦੇ ਹੋਏ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੰਦੀ ਸੀ ਕਿ ਸਰਕਾਰ ਬਣਨ ‘ਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਪਰੰਤੂ ਹੁਣ ਮੰਗਾਂ ਮੰਨਣੀਆਂ ਤਾਂ ਇੱਕ ਪਾਸੇ ਸਗੋਂ ਮੁਲਾਜ਼ਮਾਂ ਨੂੰ ਐਂਟੀ ਸਟੇਟ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਜਾ ਰਿਹਾ ਹੈ।

Gee98 Ads

                                                          ਇਸ ਮੌਕੇ ਨਿਰਮਲਜੀਤ ਸਿੰਘ ਵਧੀਕ ਜਨਰਲ ਸਕੱਤਰ ਨੇ ਦੱਸਿਆ ਕਿ ਮੁਲਾਜ਼ਮ ਹੁਣ ਕਿਸੇ ਵੀ ਰਾਜਨੀਤਿਕ ਪਾਰਟੀ ਦੀਆਂ ਮੋਮੋਠਗਣੀ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨਗੇ। ਉਹਨਾਂ ਅੱਗੇ ਕਿਹਾ ਕਿ ਇਹਨਾਂ ਰਾਜਨੀਤਿਕ ਲੋਕਾਂ ਵੱਲੋਂ ਵਾਅਦੇ ਕਰਕੇ ਪੂਰੇ ਨਹੀਂ ਕੀਤੇ ਜਾਂਦੇ। ਇਹੀ ਲੋਕ ਜੋ ਅੱਜ ਸੱਤਾ ਵਿੱਚ ਹਨ ਸੱਤਾ ਪ੍ਰਾਪਤੀ ਤੋਂ ਪਹਿਲਾਂ ਉਹਨਾਂ ਨਾਲ ਮੀਟਿੰਗਾਂ ਕਰਦੇ ਸਨ ਉਹਨਾਂ ਦੇ ਧਰਨਿਆਂ ਵਿੱਚ ਆਉਂਦੇ ਸਨ ਅਤੇ ਇਹ ਦਾਅਵੇ ਕਰਦੇ ਸਨ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਤੁਹਾਡੀਆਂ ਸਾਰੀਆਂ ਹੀ ਮੰਗਾਂ ਜਾਇਜ਼ ਹਨ ਪਰ ਸਰਕਾਰ ਬਣਦਿਆਂ ਹੀ ਅੱਖਾਂ ਫੇਰ ਲਈਆਂ ਹਨ। ਉਹਨਾਂ ਅੱਗੇ ਕਿਹਾ ਕਿ ਅੱਜ ਤਾਂ ਸਿਰਫ਼ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜਿਆ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀਆਂ ਮੰਗਾਂ ‘ਤੇ ਗ਼ੌਰ ਨਹੀਂ ਕੀਤੀ ਜਾਂਦੀ ਤਾਂ ਦੁਸਹਿਰੇ ਵਾਲੇ ਦਿਨ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤਿੰਨਾਂ ਦੇ ਪੁਤਲੇ ਬਣਾ ਕੇ ਸਾੜੇ ਜਾਣਗੇ। ਇਸ ਮੌਕੇ ਬਰਨਾਲਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਥੀ ਹਾਜ਼ਰ ਸਨ ਜਿਨਾਂ ਵਿੱਚ ਸੁਪਰਡੈਂਟ ਬਲਵਿੰਦਰ ਸਿੰਘ, ਰਣਜੀਤ ਸਿੰਘ ਭੰਮ, ਅੰਸ਼ੂ ਗੁਪਤਾ, ਚੰਚਲ ਕੌਸ਼ਲ ਪੀਏ, ਜਗਸੀਰ ਸਿੰਘ ਰਾਣੂ, ਅਵਤਾਰ ਸਿੰਘ ਬਾਹੀਆ, ਵਰਿੰਦਰਜੀਤ ਸਿੰਘ, ਸੁਖਜੀਤ ਸਿੰਘ, ਯਾਦਵਿੰਦਰ ਸਿੰਘ, ਰਵੀ ਸ਼ੰਕਰ ਤਿਵਾਰੀ, ਤਰਸੇਮ ਕੁਮਾਰ, ਅੰਤਰਪਾਲ ਸਿੰਘ, ਸੁਨੀਲ ਕੁਮਾਰ, ਰਜੀਵ ਕੁਮਾਰ, ਗੌਰਵ ਸ਼ਰਮਾ, ਅਮਨਦੀਪ ਸਿੰਘ, ਕਿਰਨਹਰਜੋਤ ਕੌਰ, ਮਮਤਾ ਰਾਣੀ, ਜਸਪ੍ਰੀਤ ਕੌਰ, ਕਮਲਦੀਪ, ਇਕਬਾਲ ਸਿੰਘ, ਚਾਂਦ ਗਰੋਵਰ, ਹਰਵਿੰਦਰ ਕੌਰ, ਬਲਜੀਤ ਸਿੰਘ, ਹਰਿੰਦਰ ਮੱਲੀਆਂ ਆਦਿ ਸਾਥੀ ਹਾਜ਼ਰ ਸਨ।
ਫੋਟੋ ਕੈਪਸ਼ਨ-ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿੱਤ ਮੰਤਰੀ ਦਾ ਪੁਤਲਾ ਸਾੜਨ ਸਮੇਂ ਦੀਆਂ ਤਸਵੀਰਾਂ

 

error: Content is protected !!