Skip to main content

Gee 98News

ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲਾ ਜਸਪਾਲ ਸਿੰਘ ਕੌਣ ਹੈ…ਪੜ੍ਹੋ ਖ਼ਬਰ

ਚੰਡੀਗੜ੍ਹ,13 ਅਗਸਤ, ( ਨਿਰਮਲ ਸਿੰਘ ਪੰਡੋਰੀ )-

-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸੁਖਬੀਰ ਸਿੰਘ ਬਾਦਲ ‘ਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਸਮੇਤ ਪਰਿਵਾਰ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਤੋਂ ਹੇਠਾਂ ਆ ਰਹੇ ਸਨ ਤਾਂ ਇਸ ਦੌਰਾਨ ਇੱਕ ਨਿਹੰਗ ਸਿੰਘ ਨੇ ਛੋਟੀ ਕਿਰਪਾਨ (ਕਿਰਚ) ਨਾਲ ਸੁਖਬੀਰ ਬਾਦਲ ਦੇ ਨੇੜੇ ਆ ਕੇ ਹਮਲਾ ਕਰ ਦਿੱਤਾ, ਜਿਸ ਨਾਲ ਸੁਖਬੀਰ ਸਿੰਘ ਬਾਦਲ ਦੀ ਬਾਂਹ ਉੱਪਰ ਜ਼ਖ਼ਮ ਹੋਇਆ ਹੈ। ਇਸ ਮੌਕੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਮਲਾਵਰ ਨੂੰ ਕਾਬੂ ਕੀਤਾ ਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ‌ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਜਸਪਾਲ ਸਿੰਘ ਪੁੱਤਰ ਤੇਜਾ ਸਿੰਘ ਵਜੋਂ ਹੋਈ ਹੈ ਜਿਸ ਦਾ ਸਬੰਧ ਪੂਨੇ ਦੇ ਸੋਲਾਪੁਰ ਬਾਜ਼ਾਰ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਮੂਲ ਰੂਪ ਵਿੱਚ ਪੂਨੇ ਦਾ ਰਹਿਣ ਵਾਲਾ ਇੱਕ ਵਕੀਲ ਹੈ ਅਤੇ ਉਹ ਉੱਥੇ ਇੱਕ ਅਦਾਲਤ ਵਿੱਚ ਵਕਾਲਤ ਵੀ ਕਰ ਚੁੱਕਿਆ ਹੈ। ਪਿਛਲੇ ਕਰੀਬ ਦੋ ਸਾਲਾਂ ਤੋਂ ਉਹ ਨਾਂਦੇੜ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਬਤੌਰ ਸੇਵਾਦਾਰ ਰਹਿ ਰਿਹਾ ਸੀ ਅਤੇ ਸੇਵਾ ਨਿਭਾ ਰਿਹਾ ਸੀ। ‌ ਜਿਸ ਵੇਲੇ ਜਸਪਾਲ ਸਿੰਘ ਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ ਉਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਹੱਥੋਂਪਾਈ ‘ਚ ਉਸ ਦੀ ਦਸਤਾਰ ਵੀ ਉੱਤਰ ਗਈ ਸੀ। ਇਸ ਖ਼ਬਰ ਦੇ ਨਾਲ ਦਿੱਤੀ ਤਸਵੀਰ ਵਿੱਚ ਵੇਖਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਜਸਪਾਲ ਸਿੰਘ ਦੀ ਦਸਤਾਰ ਦੁਬਾਰਾ ਬੰਨੀ ਜਾ ਰਹੀ ਹੈ ਅਤੇ ਉਹ ਪੁਲਿਸ ਦੀ ਗੱਡੀ ਵਿੱਚ ਬੈਠਾ ਨਜ਼ਰ ਆ ਰਿਹਾ ਹੈ। ‌ ਸਥਾਨਕ ਪੁਲਿਸ ਵੱਲੋਂ ਹਮਲਾਵਰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਪੁਲਿਸ ਇਹ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰੇਗੀ ਕਿ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦਾ ਮਕਸਦ ਕੀ ਹੈ ? ਕੀ ਇਸ ਪਿੱਛੇ ਕੋਈ ਸਾਜਿਸ਼ ਹੈ ਜਾਂ ਕੁਝ ਹੋਰ ਕਾਰਨ ਹਨ ?

error: Content is protected !!