Gee 98News

ਸਰਕਾਰ ਦੀਆਂ ਲੋਕ ਹਿੱਤ ਸਕੀਮਾਂ ਜ਼ਮੀਨੀ ਪੱਧਰ ਉੱਤੇ ਪਹੁੰਚਾਉਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ : ਰਾਜਪਾਲ ਪੰਜਾਬ

ਬਰਨਾਲਾ, 14 ਦਸੰਬਰ (ਨਿਰਮਲ ਸਿੰਘ ਪੰਡੋਰੀ) : ਸਰਕਾਰ ਦੀਆਂ ਲੋਕ ਹਿੱਤ ਸਕੀਮਾਂ ਜ਼ਮੀਨੀ ਪੱਧਰ ਉੱਤੇ ਪਹੁੰਚਾਉਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਗਰੀਬ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ ਅਤੇ ਆਪਣਾ ਜੀਵਨ ਸੁਧਾਰ ਸਕਣ। ਇਸ ਗੱਲ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਦੌਰੇ ਦੌਰਾਨ ਜ਼ਿਲਾ ਪ੍ਰਸ਼ਾਸਨ ਬਰਨਾਲਾ ਨਾਲ ਗੱਲ ਕਰਦੇ ਹੋਏ ਕੀਤਾ। ਉਨਾਂ ਜ਼ਿਲ੍ਹਾ ਬਰਨਾਲਾ ਚ ਚੱਲ ਰਹੇ ਕੰਮਾਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਰਾਜਪਾਲ ਜੀ ਨੇ ਸਾਰੇ ਅਫ਼ਸਰਾਂ ਨੂੰ ਆਪਣਾ ਕੰਮ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨਾਲ ਸਬੰਧਿਤ ਸਕੀਮਾਂ ਦੀ ਖਾਸ ਮੋਨੀਟਰਿੰਗ ਹੋਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਰਗ ਨੂੰ ਉਸ ਦਾ ਬਣਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਉਨਾਂ ਨੂੰ ਬਰਨਾਲਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਨੇ ਜੀ ਆਇਆ ਨੂੰ ਕਹਿੰਦਿਆਂ ਮਾਨਯੋਗ ਰਾਜਪਾਲ ਜੀ ਨੂੰ ਬਰਨਾਲਾ ਦੇ ਇਤਿਹਾਸ, ਜ਼ਿਲ੍ਹੇ ਨਾਲ ਜੁੜੇ ਵਿਸ਼ਵ ਪੱਧਰ ਦੇ ਲੇਖਕਾਂ ਅਤੇ ਜ਼ਿਲ੍ਹਾ ਬਰਨਾਲਾ ਦੇ ਧਾਰਮਿਕ ਪੱਖਾਂ ਬਾਰੇ ਦੱਸਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਰਨਾਲਾ ਦੀਆਂ ਉਪਲੱਬਦੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਚ ਆਯੂਸ਼ਮਾਨ ਭਾਰਤ ਸਰਬਤ ਸਿਹਤ ਯੋਜਨਾ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਚ ਜ਼ਿਲ੍ਹਾ ਬਰਨਾਲਾ ਚ ਬਹੁਤ ਚੰਗਾ ਕੰਮ ਹੋ ਰਿਹਾ ਹੈ। ਜਿੱਥੇ ਆਯੂਸ਼ਮਾਨ ਭਾਰਤ ਤਹਿਤ ਬਰਨਾਲਾ ਦੇ ਜ਼ਿਲਾ ਹਸਪਤਾਲ ਨੇ ਸੂਬੇ ਭਰ ਚ ਪਹਿਲਾ ਸਥਾਨ ਹਾਸਲ ਕੀਤਾ ਹੈ ਨਾਲ ਹੀ ਸਬ-ਡਿਵੀਜ਼ਨ ਹਸਪਤਾਲ ਤਪਾ ਨੇ ਸੂਬੇ ਭਰ ਚ ਆਉਣ ਵਾਲੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਚ ਤੀਜਾ ਸਥਾਨ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਨਰੇਗਾ ਤਹਿਤ ਪਿੰਡਾਂ ਚ ਖੇਡ ਮੈਦਾਨ ਅਤੇ ਥਾਪਰ ਮਾਡਲ ਉੱਤੇ ਅਧਾਰਿਤ ਛੱਪੜਾਂ ਦੀ ਸਫ਼ਾਈ ਅਤੇ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਵੀ ਜ਼ਿਲੇ ਦੀ ਕਾਨੂੰਨੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਜਪਾਲ ਦੇ ਏ.ਡੀ.ਸੀ ਸ਼੍ਰੀ ਪੀਬੀਐਸ ਪਰਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ , ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ, ਉਪ ਮੰਡਲ ਮੈਜਿਸਟ੍ਰੇਟ ਤਪਾ ਸ਼੍ਰੀਮਤੀ ਸਿਮਰਜੀਤ ਕੌਰ ਅਤੇ ਹੋਰ ਅਫ਼ਸਰ ਮੌਜੂਦ ਸਨ।

error: Content is protected !!