ਚੰਡੀਗੜ੍ਹ,16 ਅਗਸਤ, Gee98 News service-
ਪੰਜਾਬ ਦੀਆਂ ਸਾਰੀਆਂ ਸੜਕਾਂ ‘ਤੇ ਪੈਟਰੋਲ ਪੰਪ, ਹੋਟਲ, ਢਾਬੇ, ਰੈਸਟੋਰੈਂਟ ,ਸਾਪਿੰਗ ਕੰਪਲੈਕਸ, ਮੈਰਿਜ ਪੈਲੇਸ, ਗੁਦਾਮ ਅਤੇ ਹੋਰ ਕਮਰਸ਼ੀਅਲ ਟਿਕਾਣਿਆਂ ਨੂੰ ਸੜਕ ਤੋਂ ਰਸਤਾ ਦੇਣ ਸਬੰਧੀ ਹੁਣ ਫੀਸ ਨਵੇਂ ਨਿਯਮਾਂ ਤਹਿਤ ਦੇਣੀ ਪਵੇਗੀ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ ਸੜਕ ਕਿਨਾਰੇ ਬਣੇ ਸਾਰੇ ਕਮਰਸ਼ੀਅਲ ਟਿਕਾਣਿਆਂ ਲਈ ਨਵੀਆਂ ਫੀਸ ਦਰਾਂ ਅਤੇ ਨਿਯਮ ਲਾਗੂ ਕਰ ਦਿੱਤੇ ਹਨ, ਇਸ ਦੇ ਨਾਲ ਹੀ ਵਿਭਾਗ ਨੇ ਸਾਲ 2007 ਅਤੇ 2019 ‘ਚ ਲਾਗੂ ਪੁਰਾਣੇ ਸਾਰੇ ਨਿਯਮ ਖ਼ਤਮ ਕਰ ਦਿੱਤੇ ਹਨ। ਇਹਨਾਂ ਨਵੇਂ ਨਿਯਮਾਂ ਤਹਿਤ ਹੁਣ ਪੈਟਰੋਲ ਪੰਪ ਸੰਚਾਲਕਾਂ ਨੂੰ ਸੜਕ ਦੀ ਸ਼੍ਰੇਣੀ ਦੇ ਅਨੁਸਾਰ ਪੰਜ ਸਾਲ ਦੀ ਫੀਸ ਇੱਕਮੁਸ਼ਤ ਜਮਾਂ ਕਰਵਾਉਣੀ ਪਵੇਗੀ ਅਤੇ ਅਰਜ਼ੀ ਦੇਣ ਦੇ ਨਾਲ ਹੀ 10000 ਦੀ ਨਾੱਨ ਰਿਫੰਡੲਏਬਲ ਪ੍ਰੋਸੈਸਿੰਗ ਫੀਸ ਵੀ ਦੇਣੀ ਪਵੇਗੀ। ਨਵੇਂ ਨਿਯਮਾਂ ਤਹਿਤ ਸੜਕ ਤੋਂ ਪੈਟਰੋਲ ਪੰਪ ਨੂੰ ਰਸਤਾ ਲੈਣ ਲਈ ਸੜਕ ਦੀ ਸ਼੍ਰੇਣੀ ਅਨੁਸਾਰ ਸਟੇਟ ਹਾਈਵੇ ‘ਤੇ ਬਣੇ ਪੈਟਰੋਲ ਪੰਪਾਂ ਨੂੰ 4.86 ਲੱਖ ਰੁਪਏ, ਮੇਨ ਜ਼ਿਲ੍ਹਾ ਪ੍ਰਧਾਨ ਸੜਕਾਂ ‘ਤੇ ਬਣੇ ਪੈਟਰੋਲ ਪੰਪਾਂ ਲਈ 3.95 ਲੱਖ ਰੁਪਏ ਅਤੇ ਹੋਰ ਸੜਕਾਂ/ਲਿੰਕ ਰੋਡ ‘ਤੇ ਬਣੇ ਪੈਟਰੋਲ ਪੰਪਾਂ ਨੂੰ 3.04 ਲੱਖ ਰੁਪਏ ਦੀਆਂ ਫੀਸ ਦਰਾਂ ਤੈਅ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਰਾਂ ਵਿੱਚ ਹਰ ਪੰਜ ਸਾਲ ਬਾਅਦ ਹਰ ਸਾਲ ਬਾਅਦ 5% ਦਾ ਵਾਧਾ ਵੀ ਹੋਵੇਗਾ। ਇਸ ਦੇ ਨਾਲ ਹੀ ਪੰਜ ਸਾਲ ਬਾਅਦ noc ਨਵਿਆਉਣ ਮੌਕੇ ਵਧੀਆਂ ਹੋਈਆਂ ਦਰਾਂ ਦੇ ਆਧਾਰ ‘ਤੇ ਹੀ ਫੀਸਾਂ ਲਈਆਂ ਜਾਣਗੀਆਂ।
ਇਹਨਾਂ ਨਵੇਂ ਨਿਯਮਾਂ ਤਹਿਤ ਵਿਭਾਗ ਵੱਲੋਂ ਨਿੱਜੀ/ਰਿਹਾਇਸ਼ੀ ਜਾਇਦਾਦਾਂ ਲਈ ਵੱਡੀ ਰਾਹਤ ਦਿੰਦੇ ਹੋਏ ਪੇਂਡੂ ਅਤੇ ਸ਼ਹਿਰੀ ਖੇਤਰਾਂ ‘ਚ ਘਰਾਂ ਅਤੇ ਨਿੱਜੀ ਪਲਾਟਾਂ ਲਈ PWD ਸੜਕ ਤੋਂ ਰਸਤਾ ਲੈਣ ਸਬੰਧੀ ਕੋਈ ਫੀਸ ਨਹੀਂ ਲਗਾਈ ਗਈ ਜਦਕਿ ਹੋਟਲ, ਢਾਬੇ, ਰੈਸਟੋਰੈਂਟ, ਸ਼ਾਪਿੰਗ ਕੰਪਲੈਕਸ, ਮੈਰਿਜ ਪੈਲੇਸ, ਗੋਦਾਮ ਅਤੇ ਹੋਰ ਕਮਰਸ਼ੀਅਲ ਟਿਕਾਣਿਆਂ ਨੂੰ ਪੰਜ ਸਾਲ ਦੀ ਲੀਜ਼ ਫੀਸ ਤੈਅ ਕੀਤੀ ਗਈ ਜਿਸ ਤਹਿਤ ਪੇਂਡੂ ਖੇਤਰਾਂ ਚ 1.82 ਲੱਖ ਰੁਪਏ, 10 ਲੱਖ ਤੋਂ ਘੱਟ ਆਬਾਦੀ ਵਾਲੇ ਖੇਤਰਾਂ ‘ਚ 1.82 ਲੱਖ ਰੁਪਏ, 10 ਤੋਂ 20 ਲੱਖ ਆਬਾਦੀ ਵਾਲੇ ਸ਼ਹਿਰਾਂ ‘ਚ 3.65 ਲੱਖ, 20 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ‘ਚ 7.30 ਲੱਖ ਰੁਪਏ ਦੀ ਲੀਜ਼ ਫੀਸ ਤੈਅ ਕੀਤੀ ਗਈ ਹੈ।
ਨਵੇਂ ਨਿਯਮਾਂ ਤਹਿਤ NOC ਜਾਰੀ ਹੋਣ ਸਮੇਂ ਹੀ ਅਰਜ਼ੀਕਰਤਾ ਨੂੰ ਪੰਜ ਸਾਲ ਦੀ ਪੂਰੀ ਲਾਇਸੈਂਸ ਫੀਸ ਅਤੇ ਲੀਜ਼ ਮਨੀ ਇੱਕੋ ਵੇਲੇ ਹੀ ਜਮਾਂ ਕਰਵਾਉਣੀ ਪਵੇਗੀ ਅਤੇ ਇਸ ਤੋਂ ਇਲਾਵਾ ਅਰਜ਼ੀ ਦੇ ਨਾਲ ਹੀ 10000 ਰੁਪਏ ਦੀ ਨਾਮਨ ਰਿਫੰਡੲਏਬਲ ਪ੍ਰੋਸੈਸਿੰਗ ਫੀਸ ਵੀ ਦੇਣੀ ਪਵੇਗੀ। ਇਹ ਸਾਰੇ ਭੁਗਤਾਨ ਜੁਆਇੰਟ ਸੈਕਰੇਟਰੀ, ਪੰਜਾਬ ਰੋਡ ਐਂਡ ਬ੍ਰਿਜ ਡਿਵੈਲਪਮੈਂਟ ਬੋਰਡ, ਚੰਡੀਗੜ੍ਹ ਦੇ ਨਾਮ ‘ਤੇ ਡਿਮਾਂਡ ਡਰਾਫਟ ਰਾਹੀਂ ਦੇਣੇ ਪੈਣਗੇ। ਪੰਜਾਬ ‘ਚ ਬਿਨਾਂ NOC ਤੋਂ ਚੱਲ ਰਹੇ ਪੈਟਰੋਲ ਪੰਪਾਂ ‘ਤੇ ਸਖ਼ਤੀ ਕਰਦੇ ਹੋਏ ਨਵੇਂ ਨਿਯਮਾਂ ਤਹਿਤ 10 ਲੱਖ ਰੁਪਏ ਤੱਕ ਦੀ ਪੈਨਲਿਟੀ ਲਗਾਈ ਜਾ ਸਕੇਗੀ। ਲੋਕ ਸੁਵਿਧਾਵਾਂ ਦੇ ਮੱਦੇਨਜ਼ਰ ਪੈਟਰੋਲ ਪੰਪ ‘ਤੇ 24 ਘੰਟੇ ਸਾਫ਼ ਪੀਣ ਵਾਲੇ ਪਾਣੀ ਅਤੇ ਸਾਫ਼ ਪਖਾਨਿਆਂ ਦੀ ਸਹੂਲਤ ਵੀ ਅਤੀ ਜਰੂਰੀ ਕਰ ਦਿੱਤੀ ਗਈ ਹੈ ਅਤੇ ਇਹਨਾਂ ਸੁਵਿਧਾਵਾਂ ਦੀ ਜਾਣਕਾਰੀ ਦੇਣ ਲਈ ਸੜਕ ‘ਤੇ ਸਪੱਸ਼ਟ ਦਿਸਣ ਵਾਲੇ ਸਾਈਨ ਬੋਰਡ ਲਗਾਉਣੇ ਵੀ ਜ਼ਰੂਰੀ ਕਰ ਦਿੱਤੇ ਗਏ ਹਨ, ਜੇਕਰ ਵਿਭਾਗ ਦੇ ਨਿਰੀਖਣ ਦੌਰਾਨ ਇਹਨਾਂ ਸੁਵਿਧਾਵਾਂ ‘ਚ ਕੋਈ ਘਾਟ ਪਾਈ ਜਾਂਦੀ ਹੈ ਤਾਂ ਸੰਚਾਲਕ ਨੂੰ 30 ਦਿਨਾਂ ਦੇ ਅੰਦਰ ਅੰਦਰ ਸੁਧਾਰ ਕਰਨਾ ਪਵੇਗਾ, ਜੇਕਰ ਦਿੱਤੇ ਗਏ 30 ਦਿਨਾਂ ਦੇ ਅੰਦਰ ਕੋਈ ਸੁਧਾਰ ਨਹੀਂ ਹੁੰਦਾ ਤਾਂ PWD ਵਿਭਾਗ ਪਾਵਰਕਾਮ ਨੂੰ ਸਬੰਧਿਤ ਪੈਟਰੋਲ ਪੰਪ ਦਾ ਬਿਜਲੀ ਕਨੈਕਸ਼ਨ ਕੱਟਣ ਦੀ ਸਿਫਾਰਿਸ਼ ਕਰ ਸਕੇਗਾ।