– ਬੱਖੀਆਂ ‘ਚ ਹੂਰੇ…ਅੱਖਾਂ ਦੀ ਆਕੜ…ਆਜ਼ਾਦੀ ਜਸ਼ਨਾਂ ਤੋਂ MP ਦੀ ਦੂਰੀ
ਚੰਡੀਗੜ੍ਹ,16 ਅਗਸਤ, Gee98 News service-
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸੂਬੇ ‘ਚ ਕਾਂਗਰਸ ਦੀ ਧੜੇਬੰਦੀ ਨੂੰ ਪੰਜਾਬ ਦੇ ਬਾਕੀ ਮੁੱਦਿਆਂ ਨਾਲੋਂ ਵੀ ਵੱਧ ਅਹਿਮੀਅਤ ਦਿੰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਯੋਜਨਾਬੱਧ ਤਰੀਕੇ ਨਾਲ ਉਭਾਰਿਆ ਜਾ ਰਿਹਾ ਪ੍ਰੰਤੂ ਅਸਲ ‘ਚ ਅੰਦਰੂਨੀ ਸਥਿਤੀ ਆਮ ਆਦਮੀ ਪਾਰਟੀ ਦੀ ਵੀ ਬਹੁਤੀ ਚੰਗੀ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ Aap ਦੇ ਵੱਡੇ ਆਗੂਆਂ ਦੇ ਮੱਤਭੇਦ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਜਿਹੜੇ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹਨ। ਆਜ਼ਾਦੀ ਦਿਹਾੜੇ ‘ਤੇ ਬਠਿੰਡਾ ਵਿਖੇ ਕੈਬਨਿਟ ਮੰਤਰੀ ਦੀ ਮੌਜੂਦਗੀ ‘ਚ ਵਿਧਾਇਕ ਜਗਰੂਪ ਸਿੰਘ ਤੇ PCA ਦੇ ਪ੍ਰਧਾਨ ਅਮਰਜੀਤ ਮਹਿਤਾ ਆਜ਼ਾਦੀ ਜਸ਼ਨਾਂ ਦੌਰਾਨ ਹੀ ਲੋਕਾਂ ਅਤੇ ਕੈਮਰਿਆਂ ਦੇ ਸਾਹਮਣੇ ਤੱਕ ਧੱਕਮ ਧੱਕਾ ਹੋਏ, ਦੋਵੇਂ ਵੱਡੇ ਆਗੂਆਂ ਦੀ ਇਸ ਧੱਕਮ ਧੱਕੇ ਦਾ ਕਾਰਨ ਵੀ ਹਾਸੋਹੀਣਾ ਸੀ ਕਿ ਦੋਵੇਂ ਕੈਬਨਿਟ ਮੰਤਰੀ ਦੇ ਨਾਲ ਜੁੜ ਕੇ ਖੜਨਾ ਚਾਹੁੰਦੇ ਸਨ। ਬਠਿੰਡਾ ਵਿਖੇ ਆਜ਼ਾਦੀ ਦਿਵਸ ਦੌਰਾਨ ਦੋਵੇਂ ਆਗੂਆਂ ਦੀ ਵੀਡੀਓ ਕਲਿੱਪ ਤੇ ਤਸਵੀਰਾਂ ਆਮ ਆਦਮੀ ਪਾਰਟੀ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਹੀਆਂ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਦੇਸ਼ ਦੀ ਆਜ਼ਾਦੀ ਦੇ ਜਸ਼ਨਾਂ ਨਾਲ ਜੁੜੇ ਇੱਕ ਵੱਡੇ ਸਮਾਗਮ ਦੌਰਾਨ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਜਿਸ ਤਰ੍ਹਾਂ ਪਾਰਟੀ ਦੀ ਸਿਆਸੀ ਕਿਰਕਰੀ ਕਰਵਾਈ ਗਈ ਉਸ ਤੋਂ ਬਾਅਦ ਪਾਰਟੀ ਵੱਲੋਂ ਦੋਵੇਂ ਆਗੂਆਂ ਨੂੰ ਕੋਈ ਨੋਟਿਸ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਪੰਜਾਬ ‘ਚ ਹਾਈਕਮਾਂਡ ਦੀ ਪਕੜ ਢਿੱਲੀ ਹੋ ਰਹੀ ਹੈ ਭਾਵੇਂ ਕਿ ਇਹ ਵਿਧਾਨ ਸਭਾ ਚੋਣਾਂ ਦੇ ਨੇੜੇ ਹੋਣ ਕਰਕੇ ਹੀ ਢਿੱਲੀ ਕਿਉਂ ਨਾ ਹੋ ਰਹੀ ਹੋਵੇ।
ਦੂਜੇ ਪਾਸੇ ਆਜ਼ਾਦੀ ਦਿਵਸ ਵਾਲੇ ਦਿਨ ਹੀ ਬਰਨਾਲਾ ਵਿਖੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਝੰਡਾ ਲਹਿਰਾਉਣ ਪੁੱਜੇ ਪਾਰਟੀ ਦੇ ਵੱਡੇ ਆਗੂ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਫੇਰੀ ਦੌਰਾਨ ਮੈਂਬਰ ਪਾਰਲੀਮੈਂਟ ਮੀਤ ਹੇਅਰ ਸਮੇਤ ਉਹਨਾਂ ਦੇ ਸਾਰੇ ਗਰੁੱਪ ਦੀ ਗ਼ੈਰ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਗ਼ੈਰ ਹਾਜ਼ਰੀ ਵਧੇਰੇ ਚਰਚਾ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਖੁਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਆਜ਼ਾਦੀ ਦਿਵਸ ਵਾਲੇ ਦਿਨ ਸ਼ਹਿਰ ਵਿੱਚ ਹੀ ਸਨ ਇਸ ਦੇ ਬਾਵਜੂਦ ਵੀ ਉਹ ਆਜ਼ਾਦੀ ਦਿਵਸ ਦੇ ਸਮਾਗਮਾਂ ਵਿੱਚ ਸ਼ਾਮਿਲ ਨਹੀਂ ਹੋਏ। ਇਹ ਵੀ ਸਪੱਸ਼ਟ ਹੋ ਚੁੱਕਿਆ ਹੈ ਕਿ ਮੈਂਬਰ ਪਾਰਲੀਮੈਂਟ ਦੇ ਇਸ ਦਿਨ ਦੇ ਰੁਝੇਵੇਂ ਬਹੁਤੇ ਜ਼ਰੂਰੀ ਵੀ ਨਹੀਂ ਸਨ ਕਿਉਂਕਿ ਉਹਨਾਂ ਨੇ ਰੂਟੀਨ ਦੇ ਸਮਾਗਮਾਂ ਵਾਂਗ ਹੀ ਸ਼ਹਿਰ ਵਿੱਚ ਕੁਝ ਸਮਾਗਮਾਂ ‘ਚ ਸ਼ਮੂਲੀਅਤ ਕੀਤੀ। ਬਰਨਾਲਾ ‘ਚ ਪਿਛਲੇ ਕੁਝ ਸਮੇਂ ਤੋਂ ਇਹ ਚਰਚਾ ਵੀ ਆਮ ਹੀ ਹੋ ਰਹੀ ਹੈ ਕਿ Aap ਦੇ ਬਾਗੀ ਆਗੂ ਗੁਰਦੀਪ ਸਿੰਘ ਬਾਠ ਦੀ ਚੁੰਝ ਮੁੱਖ ਮੰਤਰੀ ਦੇ ਖ਼ੇਮੇ ਨਾਲ ਮਿਲ ਸਕਦੀ ਹੈ, ਜਿਸ ਵਿੱਚ Aap ਦੇ ਇੱਕ ਹਲਕਾ ਵਿਧਾਇਕ ਦੀ ਭੂਮਿਕਾ ਦੀ ਵੀ ਚਰਚਾ ਹੈ ਜਿਸ ਦੀ ਭਿਣਕ ਮੈਂਬਰ ਪਾਰਲੀਮੈਂਟ ਦੇ ਖ਼ੇਮੇ ਨੂੰ ਵੀ ਹੈ। ਪਿਛਲੇ ਦਿਨੀਂ ਪਾਰਟੀ ਦੇ ਜ਼ਿਲਾ ਪ੍ਰਧਾਨ ਦੇ ਘਰ ਮੁੱਖ ਮੰਤਰੀ ਤੇ “ਮਾਤਾ ਜੀ” ਦੀ ਫੇਰੀ ਭਾਵੇਂ ਕਿ ਇੱਕ ਵਰਕਰ ਦੇ ਘਰ ਵੱਡੇ ਆਗੂ ਦੀ ਆਮ ਫੇਰੀ ਸੀ ਪ੍ਰੰਤੂ ਇਸ ਫੇਰੀ ਨੂੰ ਵੀ ਜ਼ਿਲ੍ਹੇ ‘ਚ ਪਾਰਟੀ ਦੇ ਦੋ ਗਰੁੱਪਾਂ ਨਾਲ ਜੋੜ ਕੇ ਵੇਖਿਆ ਗਿਆ ਸੀ। ਬਰਨਾਲਾ ‘ਚ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਦੀ ਨਿਯੁਕਤੀ ਦੀ ਚੋਣ ਪ੍ਰਕਿਰਿਆ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਬਰਨਾਲਾ ‘ਚ aap ਲਈ ਸਭ ਅੱਛਾ ਨਹੀਂ ਹੈ, ਉੰਝ ਭਾਵੇਂ ਰਸਮੀ ਤੌਰ ‘ਤੇ ਗੱਲਬਾਤ ਵਿੱਚ ਆਪ ਆਗੂ ਕਿਸੇ ਵੀ ਤਰ੍ਹਾਂ ਦੇ ਅੰਦਰੂਨੀ ਮਨ ਮੁਟਾਵ ਤੋਂ ਇਨਕਾਰ ਕਰ ਰਹੇ ਹਨ। ਇਹ ਮਨਮੁਟਾਵ ਦੀ ਚਰਚਾ ਅਨੇਕਾਂ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਪ੍ਰੰਤੂ ਜ਼ਿਲ੍ਹੇ ਦੇ ਮੌਜੂਦਾ ਅੰਦਰੂਨੀ ਹਾਲਾਤਾਂ ਮੁਤਾਬਕ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਾਰਟੀ ਦੀ ਸਰਦਾਰੀ ਅਜੇ ਤੱਕ ਮੈਂਬਰ ਪਾਰਲੀਮੈਂਟ ਦੇ ਹੱਥ ਹੀ ਹੈ ਅਤੇ ਭਵਿੱਖ ‘ਚ ਵੀ ਹਾਲਾਤ ਬਹੁਤੇ ਬਦਲਣ ਦੇ ਆਸਾਰ ਘੱਟ ਹੀ ਹਨ।
ਫੋਟੋ ਕੈਪਸ਼ਨ- ਬਠਿੰਡਾ ਵਿਖੇ ਆਜ਼ਾਦੀ ਦਿਵਸ ਦੌਰਾਨ ਇੱਕ ਦੂਜੇ ਨੂੰ ਅੱਖਾਂ ਦੀ ਆਕੜ ਦਿਖਾਉਂਦੇ ਹੋਏ ਵਿਧਾਇਕ ਜਗਰੂਪ ਸਿੰਘ ਅਤੇ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ