– ਅਦਾਲਤੀ ਕਾਰਵਾਈ ਦਾ ਸਾਹਮਣਾ ਕਰਾਂਗੇ-ਜਸਟਿਸ ਰਣਜੀਤ ਸਿੰਘ
ਚੰਡੀਗੜ੍ਹ, 24 ਅਗਸਤ, Gee98 News service-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਭੇਜੇ ਕਾਨੂੰਨੀ ਨੋਟਿਸ ਦੀ ਕਾਪੀ ਸਾਹਮਣੇ ਆਈ ਹੈ। ਇਸ ਕਾਨੂੰਨੀ ਨੋਟਿਸ ਵਿੱਚ ਡਾਕਟਰ ਗੁਰਪ੍ਰੀਤ ਕੌਰ ਨੇ ਉਨਾਂ ਦੇ ਲਗਾਏ ਪੰਜ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਡਾਕਟਰ ਗੁਰਪ੍ਰੀਤ ਕੌਰ ਨੇ ਦੋਸ਼ ਲਗਾਉਣ ਵਾਲੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਇੱਕ ਕਾਂਗਰਸੀ ਵਿਧਾਇਕ ਦਾ ਰਿਸ਼ਤੇਦਾਰ ਵੀ ਦੱਸਿਆ ਹੈ। ਬੀਤੇ ਕੱਲ੍ਹ ਡਾਕਟਰ ਗੁਰਪ੍ਰੀਤ ਕੌਰ ਨੇ ਇਸ ਮਾਮਲੇ ‘ਚ ਕਿਹਾ ਸੀ ਕਿ ਕਿਸੇ ‘ਤੇ ਦੋਸ਼ ਲਗਾਉਣਾ ਅਤੇ ਬੇਬਨਿਆਦ ਗੱਲਾਂ ਕਰਨਾ ਬਹੁਤ ਸੌਖਾ ਹੈ, ਉਹ ਨਾ ਪਹਿਲਾਂ ਘਬਰਾਈ ਸੀ ਤੇ ਨਾ ਹੀ ਹੁਣ ਘਬਰਾ ਰਹੀ ਹੈ। ਉਹਨਾਂ ਸੇਵਾਮੁਕਤ ਜੱਜ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਉਹ ਲਗਾਏ ਹੋਏ ਦੋਸ਼ ਸਾਬਤ ਕਰਨ, ਨਹੀਂ ਤਾਂ ਉਹਨਾਂ ਨੂੰ ਕਾਨੂੰਨੀ ਨੋਟਿਸ ਅਤੇ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਦੂਜੇ ਪਾਸੇ ਇਸ ਮਾਮਲੇ ‘ਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ, ਜੇਕਰ ਨੋਟਿਸ ਆਉਂਦਾ ਵੀ ਹੈ ਤਾਂ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਜਸਟਿਸ ਰਣਜੀਤ ਸਿੰਘ ਸੇਵਾਮੁਕਤ ਨੇ ਕਿਹਾ ਕਿ ਉਹ ਕਿਸੇ ਵੀ ਕਾਨੂੰਨੀ ਨੋਟਿਸ ਦਾ ਜਵਾਬ ਨਹੀਂ ਦੇਣਗੇ ਜੇ ਕੋਈ ਚਾਹੁੰਦਾ ਹੈ ਤਾਂ ਅਦਾਲਤ ਜਾ ਸਕਦਾ ਹੈ ਜਿੱਥੇ ਅਸੀਂ ਸਾਰੇ ਤੱਥ ਪੇਸ਼ ਕਰਾਂਗੇ। ਜਿਸ ਤੋਂ ਬਾਅਦ ਕਈ ਲੋਕ ਇਸ ਮਾਮਲੇ ਵਿੱਚ ਫਸ ਜਾਣਗੇ। ਸੇਵਾਮੁਕਤ ਜੱਜ ਰਣਜੀਤ ਸਿੰਘ ਨੇ ਕਿਹਾ ਕਿ “ਅਸੀਂ ਲੋਕਾਂ ਦੇ ਸਾਹਮਣੇ ਫੈਸਲਾ ਰੱਖ ਰਹੇ ਹਾਂ ਆਪਣੇ ਵੱਲੋਂ ਕੋਈ ਦੋਸ਼ ਨਹੀਂ ਲਗਾਇਆ ਹੈ, ਅਸੀਂ ਲੋਕਾਂ ਨੂੰ ਅਦਾਲਤ ਦਾ ਫੈਸਲਾ ਦੱਸਿਆ ਹੈ ਜੇਕਰ ਉਹ ਨੋਟਿਸ ਦਿੰਦੇ ਹਨ ਤਾਂ ਅਸੀਂ ਅਦਾਲਤ ਵਿੱਚ ਲੜਾਈ ਲੜਾਂਗੇ”।