Skip to main content

Gee 98News

ਟੈਕਨੀਕਲ ਅਸਿਸਟੈਂਟਾਂ ਨੇ ਹੱਕੀ ਮੰਗਾਂ ਲਈ MLA ਕਾਲਾ ਢਿੱਲੋਂ ਨੂੰ ਦਿੱਤਾ ਮੰਗ ਪੱਤਰ

ਬਰਨਾਲਾ, 23 ਅਗਸਤ ( ਗੁਰਮੀਤ ਸਿੰਘ ਬਰਨਾਲਾ ):-

ਪੰਜਾਬ ਰਾਜ ਦੇ ਤਹਿਸੀਲਦਾਰਾਂ ਅਤੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਸੇਵਾਵਾਂ ਨਿਭਾਅ ਰਹੇ ਟੈਕਨੀਕਲ ਅਸਿਸਟੈਂਟਾਂ ਦੀ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਮਾਨਯੋਗ ਕੁਲਦੀਪ ਸਿੰਘ ਕਾਲਾ ਢਿੱਲੋਂ, ਐਮਐਲਏ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਵਿਧਾਇਕ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਸਰਕਾਰ ਤੋਂ ਜਲਦ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਾਲ 2002 ਤੋਂ ਰਜਿਸਟ੍ਰੇਸ਼ਨ ਦਾ ਕੰਮ ਕੰਪਿਊਟਰਾਈਜ਼ਡ ਹੋਣ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਵੱਲੋਂ ਤਹਿਸੀਲਦਾਰ ਅਤੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਕਲੈਕਟਰ ਰੇਟ, ਐਨਾਲਾਈਜ਼ਿੰਗ ਫੀਸ, ਅਸ਼ਟਾਮ, ਜਮ੍ਹਾਂਬੰਦੀ, ਆਧਾਰ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਨਾਲ ਸਬੰਧਤ ਕੰਮਾਂ ਨੂੰ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਹੈ।ਯੂਨੀਅਨ ਨੇ ਕਿਹਾ ਕਿ ਇੰਨੀ ਲੰਬੀ ਸੇਵਾ ਅਤੇ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਸਹੂਲਤਾਂ ਨਹੀਂ ਮਿਲ ਰਹੀਆਂ। ਮੌਜੂਦਾ ਸਮੇਂ ਵਿੱਚ ਵੱਖ-ਵੱਖ ਸ਼੍ਰੇਣੀਆਂ ਅਨੁਸਾਰ 18,000, 21,000 ਅਤੇ 27,000 ਰੁਪਏ ਤੱਕ ਮਹੀਨਾਵਾਰ ਤਨਖਾਹ ਮਿਲ ਰਹੀ ਹੈ, ਜੋ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਬਹੁਤ ਘੱਟ ਹੈ।ਯੂਨੀਅਨ ਨੇ ਮੰਗ ਕੀਤੀ ਕਿ ਟੈਕਨੀਕਲ ਅਸਿਸਟੈਂਟਾਂ ਦੀ ਤਨਖਾਹ ਵਿੱਚ ਵਾਜਬ ਵਾਧਾ ਕੀਤਾ ਜਾਵੇ, ਸੇਵਾ ਨਿਯਮ ਬਣਾਏ ਜਾਣ, ਸੇਵਾ ਸੁਰੱਖਿਆ ਦਿੱਤੀ ਜਾਵੇ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੋਰ ਹੱਕ ਤੇ ਲਾਭ ਦਿੱਤੇ ਜਾਣ।ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਯੂਨੀਅਨ ਆਗੂਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀਤੀ ਕਿ ਟੈਕਨੀਕਲ ਅਸਿਸਟੈਂਟ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਫ਼ੈਸਲਾ ਕਰੇਗੀ ਅਤੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਟੈਕਨੀਕਲ ਅਸਿਸਟੈਂਟਾਂ ਨੂੰ ਉਨ੍ਹਾਂ ਦੇ ਹੱਕ ਮੁਹੱਈਆ ਕਰਵਾਏਗੀ।

error: Content is protected !!