ਚੰਡੀਗੜ੍ਹ,18 ਸਤੰਬਰ, Gee98 News service-
-ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤ ਦਿਨੋਂ ਦਿਨ ਬਦਤਰ ਹੋ ਰਹੇ ਹਨ। ਸਮਾਜ ਵਿਰੋਧੀ ਅਨਸਰਾਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹੋ ਰਹੇ ਹਮਲੇ ਅਮਨ ਪਸੰਦ ਨਾਗਰਿਕਾਂ ਦੀ ਚਿੰਤਾ ਹੋਰ ਵਧਾ ਰਹੇ ਹਨ। ਬੀਤੀ ਰਾਤ ਅੰਮ੍ਰਿਤਸਰ ‘ਚ ਅਣਪਛਾਤੇ ਵਿਅਕਤੀਆਂ ਨੇ ਡਿਊਟੀ ‘ਤੇ ਤਾਇਨਾਤ ਪੰਜਾਬ ਪੁਲਿਸ ਦੀ ਇੱਕ ਏਐਸਆਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਹਰਜੀਤ ਸਿੰਘ ਗੇਟ ਹਕੀਮਾਂ ਪੁਲਿਸ ਥਾਣੇ ਵਿੱਚ ਤਾਇਨਾਤ ਸੀ ਜੋ ਰਾਤ 2.30 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਮੋਟਰਸਾਈਕਲ ‘ਤੇ ਅਨਾਜ ਮੰਡੀ ਦੇ ਨੇੜੇ ਗਸ਼ਤ ਕਰ ਰਿਹਾ ਸੀ ਤਾਂ ਕੁਝ ਅਣਪਛਾਤੇ ਲੋਕਾਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਪਹੁੰਚੀ ਅਤੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪ੍ਰੰਤੂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ ਏ ਤਾਲਿਬਾਨ ਹਿੰਦੁਸਤਾਨ TTH ਨੇ ਲਈ ਹੈ ਹਾਲਾਂਕਿ ਪੁਲਿਸ ਨੇ ਅਜੇ ਇਸ ਜ਼ਿੰਮੇਵਾਰੀ ਵਾਲੀ ਪੋਸਟ ਦੀ ਪੁਸ਼ਟੀ ਨਹੀਂ ਕੀਤੀ। ਪੰਜਾਬ ਦੇ ਮੁੱਖ ਮੰਤਰੀ ਵੀ ਭਗਵੰਤ ਮਾਨ ਨੇ ਏਐਸਆਈ ਦੀ ਹੱਤਿਆ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨੂੰ ਇੱਕ ਕਰੋੜ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਪਹਿਲਾਂ ਮਜੀਠਾ ਖੇਤਰ ਵਿੱਚ ਕੁਝ ਮਹੀਨੇ ਪਹਿਲਾਂ ਏਐਸਆਈ ਜੋਗ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 11 ਸਤੰਬਰ ਨੂੰ ਰਾਤ ਸਮੇਂ ਅਜਨਾਲਾ ਖੇਤਰ ‘ਚ ਏਐਸਆਈ ਜਸਵੰਤ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ, ਜਿਸ ਵਿੱਚ ਉਹ ਬਚ ਗਿਆ। ਜਸਵੰਤ ਸਿੰਘ ਖੁਦ ਮੋਟਰਸਾਈਕਲ ਚਲਾ ਕੇ ਥਾਣੇ ਪਹੁੰਚ ਗਿਆ ਸੀ। ਜਸਵੰਤ ਸਿੰਘ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ TTH ਨਾਮ ਦੇ ਸੰਗਠਨ ਨੇ ਹੀ ਲੈਣ ਦਾ ਦਾਅਵਾ ਕੀਤਾ ਸੀ। ਪੁਲਿਸ ਮੁਲਾਜ਼ਮਾਂ ‘ਤੇ ਹੋ ਰਹੇ ਜਾਨਲੇਵਾ ਹਮਲਿਆਂ ਦੇ ਕਾਰਨ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਦਹਿਸ਼ਤ ਵਿੱਚ ਹਨ ਉੱਥੇ ਆਮ ਲੋਕ ਵੀ ਚਿੰਤਾ ‘ਚ ਹਨ ਕਿਉਂਕਿ ਲੋਕਾਂ ਵਿੱਚ ਇਹ ਪੈਗ਼ਾਮ ਜਾਂਦਾ ਹੈ ਕਿ ਜੇਕਰ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ।