ਚੰਡੀਗੜ੍ਹ,18 ਸਤੰਬਰ, Gee98 news service-
ਭਾਰਤ ਸਰਕਾਰ ਨੇ ਬੱਚਿਆਂ ਦਾ ਪਾਸਪੋਰਟ ਬਣਾਉਣ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਦੇ ਨਾਲ ਹੀ ਨਵਾਂ ਪਾਸਪੋਰਟ ਬਣਾਉਣ ਦੀ ਫੀਸ ਵਿੱਚ ਵੀ ਵਾਧਾ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਕਾਨੂੰਨ ‘ਚ ਸੋਧ ਦੇ ਜਾਰੀ ਨਵੇਂ ਨੋਟੀਫਿਕੇਸ਼ਨ ਮੁਤਾਬਕ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪਾਸਪੋਰਟ ਹੁਣ ਸਿਰਫ਼ 5 ਸਾਲ ਲਈ ਬਣੇਗਾ। 15 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜਾਰੀ 36 ਪੰਨਿਆਂ ਵਾਲਾ ਆਮ ਪਾਸਪੋਰਟ ਜਾਰੀ ਹੋਣ ਦੀ ਤਾਰੀਕ ਤੋਂ ਪੰਜ ਸਾਲ ਤੱਕ ਜਾਂ ਬੱਚੇ ਦੇ 18 ਸਾਲ ਦਾ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਪਾਸਪੋਰਟ ਕਾਨੂੰਨੀ ਰਹੇਗਾ। ਭਾਵ ਕਿ 18 ਸਾਲ ਤੋਂ ਬਾਅਦ ਉਸ ਨੂੰ ਨਵਾਂ ਪਾਸਪੋਰਟ ਬਣਾਉਣਾ ਪਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਦੀਆਂ ਸੇਵਾਵਾਂ ਲਈ ਫੀਸਾਂ ‘ਚ ਵੀ ਵਾਧਾ ਕੀਤਾ ਗਿਆ ਹੈ। 36 ਪੰਨਿਆਂ ਵਾਲੇ ਬਾਲਗ ਪਾਸਪੋਰਟ ਦੀ ਨਵੀਂ ਅਰਜ਼ੀ ਜਾਂ ਨਵੀਨੀਕਰਨ ਦੀ ਫੀਸ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਉੱਥੇ ਹੀ 60 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫੀਸ 2,000 ਤੋਂ ਵਧਾ ਕੇ 3,500 ਰੁਪਏ ਕਰ ਦਿੱਤੀ ਗਈ ਹੈ। ਤਤਕਾਲ ਸੇਵਾ ‘ਚ ਇਹ ਫੀਸ 3,500 ਤੋਂ ਵਧਾ ਕੇ 5,000 ਰੁਪਏ ਤੇ 4,000 ਤੋਂ ਵਧਾ ਕੇ 6,000 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਲਈ 36 ਪੰਨਿਆਂ ਵਾਲੇ ਆਮ ਨਵੇਂ ਜਾਂ ਮੁੜ ਜਾਰੀ ਹੋਣ ਵਾਲੇ ਪਾਸਪੋਰਟ ਦੀ ਫੀਸ 1,000 ਤੋਂ ਵਧਾ ਕੇ 1,750 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਤਹਿਤ ਅੱਠ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ ਨਵੇਂ ਪਾਸਪੋਰਟ ਦੀ ਅਰਜ਼ੀ ‘ਤੇ 10 ਫ਼ੀਸਦੀ ਛੋਟ ਜਾਰੀ ਰਹੇਗੀ। ਹਾਲਾਂਕਿ, ਇਹ ਛੋਟ ਪਾਸਪੋਰਟ ਮੁੜ ਜਾਰੀ ਕਰਾਉਣ ਦੀ ਅਰਜ਼ੀ ‘ਤੇ ਲਾਗੂ ਨਹੀਂ ਹੋਵੇਗੀ।