Gee 98News

…..ਹੁਣ ਦੇਖਦੇ ਹਾਂ ਕਿ ਊਠ ਕਿਸ ਕਰਵਟ ਬੈਠਦਾ ਹੈ…!

ਚੰਡੀਗੜ੍ਹ 18 ਦਸੰਬਰ (ਨਿਰਮਲ ਸਿੰਘ ਪੰਡੋਰੀ)- ਸੰਯੁਕਤ ਕਿਸਾਨ ਮੋਰਚੇ ਦੇ ਇੱਕ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਰਾਜਨੀਤਕ ਪਾਰੀ ਖੇਡਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਆਪਣੀ ਸਿਆਸੀ ਪਾਰੀ ਦਾ ਆਗਾਜ਼ ਕਰਨਗੇ। ਅੱਜ ਚੰਡੀਗਡ਼੍ਹ ਵਿਖੇ ਚੜੂਨੀ ਨੇ “ਸੰਯੁਕਤ ਸੰਘਰਸ਼ ਪਾਰਟੀ” ਦੇ ਬੈਨਰ ਹੇਠ ਰਾਜਨੀਤਕ ਜਥੇਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਮੁਲਕ ਦੇ ਮੌਜੂਦਾ ਲੋਕ ਵਿਰੋਧੀ ਸਿਸਟਮ ਨੂੰ ਬਦਲਣ ਲਈ ਮੌਜੂਦਾ ਰਾਜਨੀਤਕ ਸਿਸਟਮ ਦਾ ਹਿੱਸਾ ਬਣਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਦੱਬਿਆ ਜਾ ਰਿਹਾ ਹੈ। ਚੜੂਨੀ ਨੇ ਕਿਹਾ ਕਿ ਸਾਡੇ ਮੁਲਕ ਦੀਆਂ ਰਾਜਨੀਤਕ ਪਾਰਟੀਆਂ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਨਹੀਂ ਕਰਦੀਆਂ ਇਸ ਲਈ ਆਮ ਲੋਕਾਂ ਦਾ ਰਾਜਨੀਤੀ ਵਿੱਚ ਆਉਣਾ ਬੇਹੱਦ ਜ਼ਰੂਰੀ ਬਣ ਗਿਆ ਹੈ। ਗੁਰਨਾਮ ਸਿੰਘ ਚੜੂਨੀ ਨੇ ਆਪਣੀ ਰਾਜਨੀਤਕ ਪਾਰਟੀ ਦਾ ਸੂਬਾ ਪ੍ਰਧਾਨ ਰਛਪਾਲ ਸਿੰਘ ਜੌਡ਼ਮਾਜਰਾ ਨੂੰ ਥਾਪਿਆ ਹੈ। ਸਿਆਸੀ ਪਾਰਟੀ ਦੇ ਗਠਨ ਤੋਂ ਬਾਅਦ ਚੜੂਨੀ ਸੰਯੁਕਤ ਕਿਸਾਨ ਮੋਰਚੇ ਦੇ ਹੋਰ ਆਗੂਆਂ ਨਾਲ ਵੀ ਸੰਪਰਕ ਕਰਨਗੇ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਚੜੂਨੀ ਦੀ ਅੰਦਰਖਾਤੇ ਵੀ ਹਮਾਇਤ ਕਰ ਗਏ ਤਾਂ ਚੜੂਨੀ ਦੀ ਸਿਆਸੀ ਪਾਰਟੀ ਪੰਜਾਬ ਦੇ ਰਾਜਨੀਤਕ ਸਮੀਕਰਣ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਪ੍ਰੰਤੂ ਇਹ ਵੀ ਸੱਚ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਸੀਨੀਅਰ ਆਗੂ ਚੜੂਨੀ ਨੂੰ ਸ਼ੁਰੂ ਤੋਂ ਹੀ ਟੇਢੀ ਅੱਖ ਨਾਲ ਵੇਖਦੇ ਰਹੇ ਹਨ , ਇਸ ਲਈ ਆਉਣ ਵਾਲੇ ਦਿਨਾਂ ‘ਚ ਚੜੂਨੀ ਦੀਆਂ ਸਰਗਰਮੀਆਂ ਦੇ ਨਾਲ-ਨਾਲ ਪੰਜਾਬ ਦੀਆਂ ਚੋਟੀ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਸਰਗਰਮੀਆਂ ‘ਤੇ ਵੀ ਨਜ਼ਰ ਬਣੀ ਰਹੇਗੀ ਕਿ “ਊਠ ਕਿਸ ਕਰਵਟ” ਬੈਠਦਾ ਹੈ।

error: Content is protected !!