Gee 98News

ਸੁਜਾਖ਼ਾ ਵੰਡੇ ਰਿਊੜੀਆਂ, ਜਾਣ ਬੁੱਝ ਕੇ ਆਪਣਿਆਂ ਨੂੰ.. ਪਹਿਲਾਂ ਨੇਤਾ ਜੀ ਨੂੰ ਸਾਸਰੀ ਕਾਲ ਬੁਲਾਓ,ਫੇਰ ਨੀਲਾ ਕਾਰਡ ਬਣਾਓ

-ਕਾਂਗਰਸੀ ਵਿਧਾਇਕਾਂ/ ਇੰਚਾਰਜਾਂ ਤੋਂ ਮਿਲਦੇ ਹਨ ਵਿਸ਼ੇਸ਼ ਬਾਰਕੋਡ ਵਾਲੇ ਸਟਿੱਕਰ
–ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ‘ਸਾਡੇ ਵੱਸ ਦੀ ਗੱਲ ਨਹੀਂ’
ਬਰਨਾਲਾ, 20 ਦਸੰਬਰ (ਨਿਰਮਲ ਸਿੰਘ ਪੰਡੋਰੀ) : ਸ਼ੋ੍ਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸਮੇਂ ਆਟਾ-ਦਾਲ ਸਕੀਮ ਦੇ ਕਾਰਡ ਬਣਾਉਣ ਵਿੱਚ ਪੱਖਪਾਤ ਦੇ ਦੋਸ਼ ਲਗਾ ਕੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਪਾਣੀ ਪੀ-ਪੀ ਕੋਸਦੀ ਰਹੀ ਪ੍ਰੰਤੂ ਹੁਣ ਕਾਂਗਰਸ ਦੀ ਸਰਕਾਰ ਨੇ ਆਟਾ-ਦਾਲ ਸਕੀਮ ਦੇ ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਪੱਖਪਾਤ ਕਰਨ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਕਸਰ ਤੁਸੀਂ ਇੱਕ ਕਹਾਵਤ ‘ਅੰਨਾ ਵੰਡੇ ਰਿਊੜੀਆਂ ਮੁੜ-ਮੁੜ ਆਪਣਿਆਂ ਨੂੰ’ ਸੁਣੀ ਹੋਵੇਗੀ, ਜੇਕਰ ਅੰਨਾ ਆਪਣਿਆਂ ਨੂੰ ਰਿਊੜੀਆਂ ਵੰਡੇ ਤਾਂ ਕੁਝ ਹੱਦ ਤੱਕ ਮੰਨਿਆ ਵੀ ਜਾ ਸਕਦਾ ਹੈ ਪ੍ਰੰਤੂ ਜੇ ਚੰਗੇ ਭਲੇ ਸੁਜਾਖ਼ੇ ਹੀ ਵਾਰ-ਵਾਰ ਰਿਊੜੀਆਂ ਆਪਣਿਆਂ ਨੂੰ ਹੀ ਵੰਡੀ ਜਾਣ ਫਿਰ ਇਸ ਤੋਂ ਵੱਡਾ ਪੱਖਪਾਤ ਹੋਰ ਕੀ ਹੋ ਸਕਦਾ ਹੈ। ਕਾਂਗਰਸ ਸਰਕਾਰ ਆਟਾ-ਦਾਲ ਸਕੀਮ ਦੇ ਕਾਰਡ ਬਣਾਉਣ ਲਈ ਆਪਣਿਆਂ ਨੂੰ ਰਿਊੜੀਆਂ ਵੰਡਣ ਤੋਂ ਵੀ ਅਗਾਂਹ ਲੰਘ ਗਈ ਹੈ। ਕਾਂਗਰਸ ਸਰਕਾਰ ਨੇ ਆਟਾ-ਦਾਲ ਸਕੀਮ ਦੇ ਕਾਰਡ ਬਣਾਉਣ ਲਈ ਜਿਹੜੇ ਤੌਰ ਤਰੀਕੇ ਅਪਣਾਏ ਹਨ, ਉਸ ਤਹਿਤ ਨੀਲਾ ਕਾਰਡ ਬਣਾਉਣ ਲਈ ਜਿਹੜਾ ਵਿਅਕਤੀ ਕਾਂਗਰਸੀ ਆਗੂਆਂ ਦੇ ਦਰਵਾਜ਼ੇ ’ਤੇ ਜਾ ਕੇ ਦੁਆ-ਸਲਾਮ ਕਰੇਗਾ ਸਿਰਫ਼ ਉਸੇ ਦਾ ਹੀ ਨੀਲਾ ਕਾਰਡ ਬਣੇਗਾ। ਜੀ98 ਨਿਊਜ਼ ਦੀ ਪੜਤਾਲ ਅਨੁਸਾਰ ਫੂਡ ਸਪਲਾਈ ਵਿਭਾਗ ਨੇ ਕਾਂਗਰਸੀ ਵਿਧਾਇਕਾਂ, ਕਾਂਗਰਸ ਦੇ ਹਾਰੇ ਉਮੀਦਵਾਰਾਂ (ਹਲਕਾ ਇੰਚਾਰਜਾਂ) ਨੂੰ ਇੱਕ ਵਿਸ਼ੇਸ਼ ਕਿਸਮ ਦੇ ਬਾਰਕੋਡ ਵਾਲੇ ਸਟਿੱਕਰ (ਹੋਲੋਗਰਾਮ) ਦਿੱਤੇ ਹੋਏ ਹਨ, ਜਿਹੜੇ ਫਾਰਮ ਉੱਪਰ ਇਹ ਸਟਿੱਕਰ ਲੱਗਿਆ ਹੋਵੇਗਾ, ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹ ਹੀ ਫਾਰਮ ਮਨਜ਼ੂਰ ਕੀਤਾ ਜਾਂਦਾ ਹੈ। ਇਹ ਸਟਿੱਕਰ ਆਪਣੇ ਫਾਰਮ ਉੱਪਰ ਲਗਵਾਉਣ ਲਈ ਨੀਲਾ ਕਾਰਡ ਬਣਾਉਣ ਦੇ ਚਾਹਵਾਨ ਵਿਅਕਤੀਆਂ ਨੂੰ ਕਾਂਗਰਸੀ ਆਗੂਆਂ ਦੇ ਤਰਲੇ ਕਰਨੇ ਪੈ ਰਹੇ ਹਨ।

ਬਾਕਸ ਆਈਟਮ
ਫੂਡ ਸਪਲਾਈ ਵਿਭਾਗ ਦੇ ਇੱਕ ਉਚ ਅਧਿਕਾਰੀ ਅਤੇ ਮਹਿਲ ਕਲਾਂ ਖੇਤਰ ਨਾਲ ਸੰਬੰਧਿਤ ਕੁਝ ਡੀਪੂ ਹੋਲਡਰਾਂ ਨੇ ਉਕਤ ਪ੍ਰਕਿਰਿਆ ਦੀ ਪੁਸ਼ਟੀ ਕੀਤੀ ਹੈ। ਜੀ98 ਨਿਊੁਜ਼ ਨਾਲ ਗੱਲ ਕਰਦੇ ਹੋਏ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਵਿਭਾਗ ਦੇ ਉਚ ਅਧਿਕਾਰੀਆ ਅਤੇ ਡੀਪੂ ਹੋਲਡਰਾਂ ਨੇ ਦੱਸਿਆ ਕਿ ਇਹ ਵਿਸ਼ੇਸ਼ ਬਾਰਕੋਡ ਵਾਲੇ ਸਟਿੱਕਰ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਨਹੀਂ ਦਿੱਤੇ ਗਏ ਸਗੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਜਾਂ ਹਲਕਾ ਇੰਚਾਰਜ ਜਾਂ ਹਲਕੇ ਵਿੱਚ ਕੁਝ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਦਿੱਤੇ ਗਏ ਹਨ, ਜੋ ਆਪਣੇ-ਆਪਣੇ ਚਹੇਤਿਆਂ ਨੂੰ ਨੀਲੇ ਕਾਰਡ ਬਣਾ ਕੇ ਖ਼ੂਬ ਰਿਊੜੀਆਂ ਵੰਡ ਰਹੇ ਹਨ।
ਬਾਕਸ ਆਈਟਮ
ਨੀਲੇ ਕਾਰਡ ਬਣਾਉਣ ਦੀ ਇਸ ਪ੍ਰਕਿਰਿਆ ਬਾਰੇ ਜੀ98 ਨਿਊਜ਼ ਦੇ ਉਕਤ ਪੱਤਰਕਾਰ ਵੱਲੋਂ ਦੋ ਵੱਖ-ਵੱਖ ਸੀਨੀਅਰ ਕਾਂਗਰਸੀ ਆਗੂਆਂ ਨੂੰ ਫੋਨ ਲਗਾ ਕੇ ਕਿਸੇ ਲੋੜਵੰਦ ਵਿਅਕਤੀ ਦੇ ਫਾਰਮ ਉੱਪਰ ਲਗਾਉਣ ਲਈ ਉਕਤ ਸਟਿੱਕਰ ਮੰਗੇ ਗਏ ਤਾਂ ਦੋਵੇਂ ਕਾਂਗਰਸੀ ਆਗੂਆਂ ਨੇ ਕਿਹਾ ਕਿ ‘‘ਤੁਸੀ ਆ ਜਾਇਓ, ਜਿੰਨੇ ਮਰਜ਼ੀ ਸਟਿੱਕਰ ਲੈ ਜਾਇਓ, ਜਾਂ ਉਨਾਂ ਬੰਦਿਆਂ ਨੂੰ ਭੇਜ ਦਿਉ, ਤੁਹਾਡਾ ਨਾਮ ਲੈ ਦੇਣਗੇ, ਅਸੀਂ ਉਨਾਂ ਦੇ ਫਾਰਮਾਂ ਉੱਪਰ ਸਟਿੱਕਰ ਲਗਾ ਦੇਵਾਂਗੇ।
ਬਾਕਸ ਆਈਟਮ
ਪੰਜਾਬ ਦੇ ਫੂਡ ਸਪਲਾਈ ਵਿਭਾਗ ਦੀ ਨੀਲਾ ਕਾਰਡ ਬਣਾਉਣ ਦੀ ਉਕਤ ਪ੍ਰਕਿਰਿਆ ਬਾਰੇ ਭਾਂਵੇ ਕਿ ਸੂਬਾ ਪੱਧਰ ’ਤੇ ਚਰਚਾ ਹੋ ਰਹੀ ਹੈ ਪ੍ਰੰਤੂ ਆਮ ਲੋਕਾਂ ਦੇ ਮੁੱਖ ਮੰਤਰੀ ਹੋਣ ਦਾ ਢਿੰਡੋਰਾ ਪਿੱਟਣ ਵਾਲੇ ਚਰਨਜੀਤ ਸਿੰਘ ਚੰਨੀ ਨੇ ਇਸ ਬਾਰੇ ਅਜੇ ਤੱਕ ਆਪਣੀ ਜ਼ੁਬਾਨ ਨਹੀਂ ਖੋਲੀ। ਜੇਕਰ ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ‘ਚੋਰਾਂ ਨਾਲ ਕੁੱਤੀ ਰਲੀ’ ਹੋਣ ਦੀ ਗੱਲ ਸਾਹਮਣੇ ਆਈ ਹੈ । ਪਤਾ ਲੱਗਾ ਹੈ ਕਿ ਸੂਬੇ ਦੀ ਵਿਰੋਧੀ ਧਿਰ ਦੇ ਇੱਕ ਵਿਧਾਇਕ ਨੇ ਫੂਡ ਸਪਲਾਈ ਮੰਤਰੀ ਤੋਂ ਉਕਤ ਸਟਿੱਕਰਾਂ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੀ ਪਾਰਟੀ ਦੇ ਵਰਕਰਾਂ ਦੇ ਨੀਲੇ ਕਾਰਡ ਬਣਾ ਸਕੇ। ਕੁੱਲ ਮਿਲਾ ਕੇ ਆਮ ਲੋਕਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਸੰਬੰਧੀ ਫੂਡ ਸਪਲਾਈ ਵਿਭਾਗ ਦੇ ਬਲਾਕ ਪੱਧਰ ਤੋਂ ਲੈ ਕੇ ਜ਼ਿਲਾ ਪੱਧਰ ਤੱਕ ਅਧਿਕਾਰੀਆਂ ਨੇ ਚੁੱਪ ਵੱਟੀ ਹੋਈ ਹੈ, ਸਾਰੇ ਅਧਿਕਾਰੀ ਇਹੋ ਆਖ ਰਹੇ ਹਨ ਕਿ ‘ਸਾਡੇ ਵੱਸ ਦੀ ਗੱਲ’ ਨਹੀਂ ਹੈ।

ਬਾਕਸ ਆਈਟਮ
ਇਸ ਸੰਬੰਧੀ ਜਦ ਜ਼ਿਲਾ ਫੂਡ ਸਪਲਾਈ ਕੰਟਰੋਲਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ‘‘ ਤੁਹਾਡੇ ਕੋਲ ਜੇਕਰ ਕਿਸੇ ਲੋੜਵੰਦ ਦਾ ਫਾਰਮ ਹੈ ਤਾਂ ਮੇਰੇ ਕੋਲ ਭੇਜ ਦਿਉ, ਸਟਿੱਕਰ ਲੱਗ ਜਾਵੇਗਾ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜ਼ਿਲਾ ਫੂਡ ਸਪਲਾਈ ਕੰਟਰੋਲਰ ਨੂੰ ਸਖ਼ਤ ਹਦਾਇਤਾਂ ਦਿੱਤੀਆ ਗਈਆਂ ਹਨ ਕਿ ਜੇਕਰ ਕਿਸੇ ਅਯੋਗ ਵਿਅਕਤੀ ਦਾ ਨੀਲਾ ਕਾਰਡ ਬਣਿਆ ਜਾਂ ਯੋਗ ਵਿਅਕਤੀ ਦਾ ਨੀਲਾ ਕਾਰਡ ਨਹੀਂ ਬਣਿਆ ਤਾਂ ਸੰਬੰਧਿਤ ਅਧਿਕਾਰੀ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ।

Gee98 Ads

error: Content is protected !!