Skip to main content

Gee 98News

aap ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸੀ ਰਜਿੰਦਰ ਗੁਪਤਾ…ਇਸੇ ਕਰਕੇ ਬੀਜੇਪੀ ਜਾਣ ਦਾ ਵਿਰੋਧ ਹੋਇਆ

ਚੰਡੀਗੜ੍ਹ , 29 ਸਤੰਬਰ , Gee98 News service-

-ਆਮ ਆਦਮੀ ਪਾਰਟੀ ਨੂੰ ਇਸ ਸਾਲ ਸਿਆਸੀ ਚੰਦਾ ਦੇਣ ਦੇ ਮਾਮਲੇ ‘ਚ ਵੀ ਪੰਜਾਬ ਦੀ ਚੜ੍ਹਤ ਰਹੀ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025-26 ਦੌਰਾਨ ਪੰਜਾਬ ‘ਚੋਂ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਜੋ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਹੈ। ਚੋਣ ਕਮਿਸ਼ਨ ਦੇ ਪਿਛਲੇ ਵੇਰਵਿਆਂ ਅਨੁਸਾਰ ਸਾਲ 2024-25 ‘ਚ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਂ 71 ਲੱਖ ਰੁਪਏ ਸਿਆਸੀ ਚੰਦਾ ਮਿਲਿਆ ਸੀ ਜਦਕਿ 2023-24 ‘ਚ 11.50 ਲੱਖ ਤੇ 2022-23 ਤੇ 44.6 ਲੱਖ ਰੁਪਏ ਦਾ ਚੰਦਾ ਮਿਲਿਆ ਸੀ। ਆਮ ਆਦਮੀ ਪਾਰਟੀ ਨੂੰ ਸਾਰੇ ਦੇਸ਼ ਵਿੱਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ ਜਿਸ ਵਿੱਚੋਂ 5.08 ਕਰੋੜ ਰੁਪਏ ਪੰਜਾਬ ਤੋਂ ਮਿਲੇ ਹਨ, ਇਸ ਵਿੱਚੋਂ ਇਕੱਲੇ ਰਾਜਿੰਦਰ ਗੁਪਤਾ ਨੇ ਹੀ 5 ਕਰੋੜ ਰੁਪਏ ਦਾ ਸਿਆਸੀ ਚੰਦਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਿਸ ਵੇਲੇ ਉਹ ਆਮ ਆਦਮੀ ਪਾਰਟੀ ਵਿੱਚ ਸਨ ਅਤੇ ‘ਆਪ’ ਨੂੰ ਚੰਦਾ ਦੇਣ ਤੋਂ ਕੁਝ ਮਹੀਨੇ ਬਾਅਦ ਹੀ ਰਜਿੰਦਰ ਗੁਪਤਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਸਾਲ 2025-26 ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲੇ ਚੰਦੇ ‘ਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਵਿੱਚ ਦਿੱਤੇ ਹਨ। ‌ ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਵੀ 1.20 ਲੱਖ ਰੁਪਏ ਪਾਰਟੀ ਨੂੰ ਚੰਦਾ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵੀ 25,200, ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ 25,200 ਪੰਜਾਬ ਵਿਧਾਨ ਸਭਾ ਦੇ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ 96000, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ 96000, ਕੁਲਵੰਤ ਸਿੰਘ ਪੰਡੋਰੀ ਨੇ 85200, ਕੁਲਦੀਪ ਸਿੰਘ ਧਾਲੀਵਾਲ ਨੇ 25200, ਪ੍ਰਿੰਸੀਪਲ ਬੁੱਧਰਾਮ ਨੇ 1.20 ਲੱਖ, ਚੇਤਨ ਸਿੰਘ ਜੌੜਾਮਾਜਰਾ ਨੇ 25200 ਦਾ ਸਿਆਸੀ ਚੰਦਾ ਆਮ ਆਦਮੀ ਪਾਰਟੀ ਨੂੰ ਸਾਲ 2025- 26 ਦੌਰਾਨ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਸਿਆਸੀ ਚੰਦਾ ਦੇਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਆਖ਼ਰ ਆਪਣੇ ਹੀ ਕੈਬਨਿਟ ਮੰਤਰੀਆਂ ਵਿਧਾਇਕਾਂ ਤੋਂ ਚੰਦਾ ਲਿਆ ਗਿਆ ਜਾਂ ਫਿਰ ਉਹਨਾਂ ਨੇ ਆਪਣੀ ਮਰਜ਼ੀ ਅਨੁਸਾਰ ਪਾਰਟੀ ਨੂੰ ਫੰਡ ਦਿੱਤਾ। ਦੂਜੇ ਪਾਸੇ ਵੀ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਰਜਿੰਦਰ ਗੁਪਤਾ ਦਾ ਵਿਰੋਧ ਕਿਉਂ ਹੋਇਆ ਸੀ ਕਿਉਂਕਿ ਰਜਿੰਦਰ ਗੁਪਤਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕਰਾਰਾ ਵਿੱਤੀ ਝਟਕਾ ਲੱਗਿਆ ਹੈ। ਦੂਜੇ ਸ਼ਬਦਾਂ ਵਿੱਚ ਇਉਂ ਵੀ ਕਿਹਾ ਜਾ ਸਕਦਾ ਕਿ ਆਪ ਆਗੂਆਂ ਤੇ ਵਰਕਰਾਂ ਨੂੰ ਰਜਿੰਦਰ ਗੁਪਤਾ ਦੇ ਭਾਜਪਾ ‘ਚ ਸ਼ਾਮਿਲ ਹੋਣ ਦਾ ਦੁੱਖ ਘੱਟ ਸੀ ਸਗੋਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਖੁੱਸਣ ਦਾ ਜ਼ਿਆਦਾ ਸੀ।

error: Content is protected !!