-ਮਾਲਵੇ ਦੇ ਅਧਿਆਪਕਾਂ ਨੂੰ ਮਾਝੇ ਦੁਆਬੇ ਦੇ ਖੇਤਰ ‘ਚ ਭੇਜਿਆ
ਚੰਡੀਗੜ੍ਹ, 30 ਸਤੰਬਰ, Gee98 News service-
-ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਤਰੱਕੀਆਂ ਦੇਣ ਦੇ ਨਾਲ ਨਾਲ ਅਧਿਆਪਕਾਂ ਨੂੰ ਦੂਰ ਦੁਰਾਡੇ ਬਦਲੀਆਂ ਦਾ ਤੋਹਫ਼ਾ ਵੀ ਦਿੱਤਾ ਗਿਆ ਹੈ। ਵਿਭਾਗ ਵੱਲੋਂ ਅਧਿਆਪਕਾਂ ਨੂੰ ਮਾਸਟਰ ਕਾਡਰ ਵਿੱਚ ਤਰੱਕੀਆਂ ਦਿੱਤੇ ਜਾਣ ਤੋਂ ਬਾਅਦ ਮਾਲਵੇ ਦੇ ਅਧਿਆਪਕਾਂ ਨੂੰ ਮਾਝੇ/ਦੁਆਬੇ ਦੇ ਸਕੂਲਾਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ ਜਿਹੜੀ ਕਿ ਉਹਨਾਂ ਦੇ ਜੱਦੀ ਜ਼ਿਲ੍ਹਿਆਂ ਤੋਂ ਕਈ-ਕਈ ਸੌ ਕਿਲੋਮੀਟਰ ਦੂਰ ਹਨ। ਸਿੱਖਿਆ ਵਿਭਾਗ ਦੇ ਇਹ ਤਾਜ਼ਾ ਹੁਕਮ ਪੰਜਾਬ ਦੇ ਮੁੱਖ ਮੰਤਰੀ ਦੇ ਉਸ ਬਿਆਨ ਦੀਆਂ ਸ਼ਰੇਆਮ ਧੱਜੀਆਂ ਉਠਾਉਂਦੇ ਹਨ ਜਿਸ ਤਹਿਤ ਮੁੱਖ ਮੰਤਰੀ ਨੇ ਕਿਹਾ ਸੀ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ‘ਤੇ ਨਿਯੁਕਤ ਮਹਿਲਾ ਮੁਲਾਜ਼ਮਾਂ ਦੀ ਘਰਾਂ ਦੇ 40 ਕਿਲੋਮੀਟਰ ਦੇ ਘੇਰੇ ਅੰਦਰ ਹੀ ਤਾਇਨਾਤੀ ਕੀਤੀ ਜਾਵੇਗੀ। ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਈਟੀਟੀ ਤੋਂ ਮਾਸਟਰ ਕਾਡਰ ਵਿੱਚ 4484 ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ ਜਿਨਾਂ ਵਿੱਚ 208 ਸੈਂਟਰ ਹੈਡ ਟੀਚਰ, 927 ਹੈੱਡ ਟੀਚਰ ਅਤੇ 2595 ਈਟੀਟੀ ਅਧਿਆਪਕ ਸ਼ਾਮਿਲ ਹਨ। ਤਰੱਕੀ ਮਿਲਣ ਤੋਂ ਬਾਅਦ ਇਹਨਾਂ ਅਧਿਆਪਕਾਂ ਦੀ ਤਾਇਨਾਤੀ ਦੂਰ ਦੁਰਾਡੇ ਸਟੇਸ਼ਨਾਂ ਦੇ ਹੋਣ ਕਾਰਨ ਖਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਵੱਡੀਆਂ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇਗਾ। ਇਹਨਾਂ ਅਧਿਆਪਕਾਂ ਨੂੰ ਅਲਾਟ ਕੀਤੇ ਸਟੇਸ਼ਨਾਂ ਦੀ ਨੀਤੀ ਨੇ ਸਿੱਖਿਆ ਵਿਭਾਗ ਦੀ ਇਮਾਨਦਾਰੀ ‘ਤੇ ਵੀ ਵੱਡੀ ਉਂਗਲ ਖੜੀ ਕੀਤੀ ਹੈ। ਚਰਚਾ ਹੈ ਕਿ ਹੁਣ ਇਹਨਾਂ ਅਧਿਆਪਕਾਂ ਨੂੰ ਵਾਪਸ ਆਪਣੇ ਜੱਦੀ ਜ਼ਿਲ੍ਹਿਆਂ ਵਿੱਚ ਬਦਲੀਆਂ ਕਰਵਾਉਣ ਲਈ ਜਾਂ ਨੇੜੇ ਦੇ ਸਟੇਸ਼ਨਾਂ ‘ਤੇ ਆਉਣ ਲਈ ਕਿਸੇ ਦੀ ਮੁੱਠੀ ਗਰਮ ਕਰਨੀ ਪਵੇਗੀ, ਇਸ ਚਰਚਾ ਵਿੱਚ ਸੱਚਾਈ ਕਾਫ਼ੀ ਹੱਦ ਤੱਕ ਦਿਸ ਵੀ ਰਹੀ ਹੈ ਕਿਉਂਕਿ ਇਹਨਾਂ ਅਧਿਆਪਕਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਜਾਂ ਨੇੜੇ ਤੇੜੇ ਦੇ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਹਨ ਜਿੱਥੇ ਇਹਨਾਂ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾ ਸਕਦੀ ਹੈ। ਅਧਿਆਪਕ ਜਥੇਬੰਦੀਆਂ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਟੇਸ਼ਨ ਅਲਾਟ ਕਰਨ ਵਿੱਚ ਮਨਮਾਨੀ ਹੋਈ ਹੈ। ਅਧਿਆਪਕ ਆਗੂਆਂ ਨੇ ਸਮੁੱਚੀ ਪ੍ਰਕਿਰਿਆ ‘ਚ ਭਾਰਤ ਰਸਤਾ ਦੀ ਮੰਗ ਕਰਦੇ ਹੋਏ ਬਦਲੀਆਂ ਤਰੱਕੀਆਂ ਤੋਂ ਬਾਹਰ ਦੂਰ ਦੁਰਾਡੇ ਬਦਲੇ ਗਏ ਇਹਨਾਂ ਅਧਿਆਪਕਾਂ ਨੂੰ ਜੱਦੀ ਜ਼ਿਲ੍ਹਿਆਂ ‘ਚ ਤਾਇਨਾਤ ਕਰਨ ਦੀ ਮੰਗ ਕੀਤੀ। ਅਧਿਆਪਕ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਨੇ ਇਸ ਮਾਮਲੇ ‘ਚ ਕਿਹਾ ਕਿ ਕਾਨੂੰਨੀ ਅੜਿੱਕਿਆਂ ਤੋਂ ਬਚਣ ਲਈ ਅਧਿਆਪਕਾਂ ਨੂੰ ਜਲਦੀ ਜੁਆਇਨ ਕਰਵਾਉਣ ਲਈ ਜਲਦੀ ਵਿੱਚ ਸਟੇਸ਼ਨ ਅਲਾਟ ਕੀਤੇ ਗਏ ਹਨ। ਸਿੱਖਿਆ ਮੰਤਰੀ ਨੇ ਪ੍ਰਭਾਵਿਤ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨਾਂ ਦੇ ਸਟੇਸ਼ਨ ਨੇੜੇ ਦੇ ਕਰ ਦਿੱਤੇ ਜਾਣਗੇ। ਇਸ ਮਾਮਲੇ ‘ਚ ਪੰਜਾਬ ਦੇ ਉੱਚ ਸਿੱਖਿਆ ਅਧਿਕਾਰੀਆਂ ਪ੍ਰਭਾਵਿਤ ਅਧਿਆਪਕਾਂ ਵੱਲੋਂ ਮਿਲਣ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਡੈਪੂਟੇਸ਼ਨ ਵੱਲੋਂ ਗੱਲਬਾਤ ਕਰਦੇ ਹੋਏ ਡੀਟੀਐਫ ਦੇ ਪ੍ਰਧਾਨ ਬਿਕਰਮਦੇਵ ਸਿੰਘ ਨੇ ਦੱਸਿਆ ਕਿ ਜੇਕਰ ਇਹ ਮਾਮਲਾ ਜਲਦੀ ਹੱਲ ਕੀਤਾ ਗਿਆ ਤਾਂ ਸੰਘਰਸ਼ ਵੀ ਕੀਤਾ ਜਾਵੇਗਾ।