ਚੰਡੀਗੜ, 21 ਦਸੰਬਰ (ਨਿਰਮਲ ਸਿੰਘ ਪੰਡੋਰੀ) : ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮੁਕੱਦਮਾ ਦਰਜ ਹੋਣ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸੂਬੇ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਨਵੀਂ ਪੈਂਤੜੇਬਾਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੂਬੇ ਦਾ ਡੀਜੀਪੀ ਬਦਲਣ ਤੋਂ ਬਾਅਦ ਮਜੀਠੀਆ ਉੱਪਰ ਨਸ਼ਾ ਤਸਕਰੀ ਸੰਬੰਧੀ ਕਾਰਵਾਈ ਹੋਣਾ ਲੱਗਭੱਗ ਯਕੀਨੀ ਹੋ ਗਿਆ ਸੀ। ਨਵੇਂ ਡੀਜੀਪੀ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੰਡਰ ਗਰਾਊਂਡ ਹੋ ਗਿਆ ਸੀ ਅਤੇ ਉਸ ਨੇ ਆਪਣੀ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਛੱਡ ਦਿੱਤੀ ਸੀ। ਅਕਾਲੀ ਦਲ ਵੱਲੋਂ ਮਜੀਠੀਆ ਖ਼ਿਲਾਫ਼ ਕਾਰਵਾਈ ਨੂੰ ਬਦਲੇ ਦੀ ਰਾਜਨੀਤੀ ਦਾ ਸਿਰਾ ਦੱਸਿਆ ਜਾ ਰਿਹਾ ਹੈ ਅਤੇ ਕਾਂਗਰਸ, ਆਮ ਆਦਮੀ ਪਾਰਟੀ ਮਜੀਠੀਆ ਖ਼ਿਲਾਫ਼ ਕਾਰਵਾਈ ਨੂੰ ਅਗਾਮੀ ਚੋਣਾਂ ’ਚ ਚੋਣ ਪ੍ਰਚਾਰ ਦੇ ਤਿੱਖੇ ਹਥਿਆਰ ਵਜੋਂ ਵਰਤਣ ਲਈ ਤਿਆਰ ਹਨ। ਚੰਡੀਗੜ ਦੇ ਸਿਆਸੀ ਗਲਿਆਰਿਆਂ ’ਚ ਚੰਗਾ ਅਸਰ ਰਸੂਖ਼ ਰੱਖਣ ਵਾਲੇ ਇੱਕ ਸੀਨੀਅਰ ਕਾਂਗਰਸੀ ਨੇ ਜੀ98 ਨਿਊਜ਼ ਨਾਲ ਗੱਲ ਕਰਦੇ ਹੋਏ ਟਿੱਪਣੀ ਕੀਤੀ ‘‘ਮਜੀਠੀਆ ਭਾਂਵੇ ਪੇਸ਼ਗੀ ਜ਼ਮਾਨਤ ਕਰਵਾ ਲਵੇ ਜਾਂ ਜੇਲ ਜਾ ਕੇ ਜਲਦੀ ਬਾਹਰ ਆ ਜਾਵੇ ਜਾਂ ਉਸ ਦੇ ਖ਼ਿਲਾਫ਼ ਕੁਝ ਵੀ ਨਾ ਹੋਵੇ, ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਦਾ, ਕਾਂਗਰਸ ਨੇ ਤਾਂ ਬੱਸ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਵੱਡੇ ਮਗਰਮੱਛਾਂ ਖ਼ਿਲਾਫ਼ ਕਾਰਵਾਈ ਕਰਨ ਦਾ ਵਾਅਦਾ ਪੂਰਾ ਕੀਤਾ ਹੈ’’। ਬਹਰਹਾਲ! ਕਾਂਗਰਸ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਹੱਥ ’ਤੇ ਹੱਥ ਰੱਖ ਕੇ ਬੈਠ ਨਹੀਂ ਸਕਦੀ ਇਸ ਲਈ ਸੂਬੇ ਦੀ ਰਾਜਨੀਤੀ ’ਚ ਆਉਣ ਵਾਲੇ ਕੁਝ ਦਿਨ ਸ਼੍ਰੋਮਣੀ ਅਕਾਲੀ ਦਲ ਬਨਾਮ ਕਾਂਗਰਸ ਸਿਆਸੀ ਲੜਾਈ ਜ਼ੋਰਾਂ ’ਤੇ ਰਹੇਗੀ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਵਾਲੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਮਜੀਠੀਆ ਦੀ ਗਿ੍ਰਫਤਾਰੀ ’ਤੇ ਟਿੱਪਣੀਆਂ ਵੀ ਵਾਚਣਯੋਗ ਹੋਣਗੀਆਂ। ਪੰਜਾਬ ਕਾਂਗਰਸ ਮਜੀਠੀਆ ਦੀ ਗਿ੍ਰਫ਼ਤਾਰੀ ਨੂੰ ‘ਪਹਾੜ ਥੱਲੇ ਊਠ’ ਲਿਆਉਣਾ ਦੱਸ ਰਹੀ ਹੈ ਪ੍ਰੰਤੂ ਕਾਂਗਰਸ ਨੂੰ ਲੋਕਾਂ ਦੀ ਕਚਿਹਰੀ ’ਚ ਇਹ ਜਵਾਬ ਵੀ ਦੇਣਾ ਪਵੇਗਾ ਕਿ ਕਾਂਗਰਸ ਦੇ ਹੀ ਰਾਜ ਵਿੱਚ ਲੱਗਭੱਗ ਸਾਢੇ ਚਾਰ ਸਾਲ ਤੋਂ ਵੱਧ ਸਮਾਂ ‘ਊਠ ਪਹਾੜ ਦੇ ਉੱਪਰ’ ਕਿਵੇ ਰਿਹਾ।








