Skip to main content

Gee 98News

ਹੱਸਦੀ ਨੇ ਫੁੱਲ ਮੰਗਿਆ, ਸਾਰਾ ਬਾਗ਼ ਹਵਾਲੇ ਤੇਰੇ

ਚੰਡੀਗੜ, 03 ਜਨਵਰੀ (ਨਿਰਮਲ ਸਿੰਘ ਪੰਡੋਰੀ ) : ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜੋ ਸੂਚਨਾ ਦੇ ਬਾਕੀ ਸਾਰੇ ਸਾਧਨਾਂ ਤੋਂ ਤੇਜ਼ ਸੂਚਨਾ ਮਹੁੱਈਆ ਕਰਵਾੳਂੁਦਾ ਹੈ। ਅੱਜਕੱਲ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਆਪਣੀ ਮੁੱਠੀ ਵਿੱਚ ਬੰਦ ਕੀਤਾ ਹੋਇਆ ਹੈ। ਸੋਸ਼ਲ ਮੀਡੀਆ ਉਪਰ ਅੱਪਲੋਡ ਹੋਈਆਂ ਪੋਸਟਾਂ ਕਈ ਵਾਰ ਚੰਗੇ -ਚੰਗੇ ਬੰਦਿਆਂ ਦੀ ਸਮਾਜਿਕ ਧੌੜੀ ਲਾਹ ਦਿੰਦੀਆਂ ਹਨ । ਵੱਡੇ ਵੱਡੇ ਸਿਆਸੀ ਆਗੂਆਂ/ਸਰਕਾਰੀ ਅਫ਼ਸਰਾਂ/ਮੁੁਲਾਜ਼ਮਾਂ/ਸਮਾਜਿਕ ਹਸਤੀਆਂ ਦੀਆਂ ਅਸ਼ਲੀਲ ਆਡੀਓਜ਼ /ਵੀਡੀਓਜ਼ ਨਾਲ ਪਲਾਂ ਵਿੱਚ ਹੀ ਸਾਰੀ ਜ਼ਿੰਦਗੀ ਦੀ ਕਮਾਈ ਇੱਜ਼ਤ ਸੋਸ਼ਲ ਮੀਡੀਆ ਰਾਹੀ ਮਿੱਟੀ ਵਿੱਚ ਰੁਲ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਦਿੱਗਜ਼ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਨੇੜਲੇ ਆਗੂ ਦੀ ਇੱਕ ਆਡੀਓ ਕਲਿੱਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਆਡੀਓ ਕਲਿੱਪ ਵਿੱਚ ਅਕਾਲੀ ਆਗੂ ਆਪਣੀ ਹੀ ਪਾਰਟੀ ਦੀ ਮਹਿਲਾ ਆਗੂ ਨੂੰ ਵੱਡੇ ਆਹੁਦੇ ਦਿਵਾਉਣ ਦੇ ਲੌਲੀਪੌਪ ਦੇ ਰਿਹਾ ਹੈ। ਅਕਾਲੀ ਆਗੂ ਆਪਣੀ ਮਹਿਲਾ ਮਿੱਤਰ ਨੂੰ ਸਾਰੀ ਉਮਰ ਡੱਟ ਕੇ ਨਾਲ ਖੜਣ ਦਾ ਭਰੋਸਾ ਵੀ ਦੇ ਰਿਹਾ ਹੈ। ਅਕਾਲੀ ਆਗੂ ਦੀ ਸ਼ਬਦਾਵਲੀ ‘‘ ਤੇਰੀ ਖ਼ਾਤਰ ਜੇ ਧਰਨੇ ਵੀ ਲਾਉਣੇ ਪਏ ਤਾਂ ਮੈਂ ਪਿੱਛੇ ਨਹੀਂ ਹਟਾਂਗਾ, ਜਦ ਅਕਾਲੀ ਦਲ ਦੀ ਸਰਕਾਰ ਬਣਗੀ ਤਾਂ ਆਪਾ ਰੇਤੇ ਦੇ ਠੇਕੇ ਲਵਾਂਗੇ, ਤੇਰਾ ਵੀ ਹਿੱਸਾ ਬਰਾਬਰ ਰੱਖਾਂਗਾ’’ ਭਾਵੇਂ ਅਸ਼ਲੀਲ ਨਹੀਂ ਹੈ ਪੰ੍ਰਤੂ ਮਿੱਤਰਤਾ ਪੱਕੀ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਾਲੀ ਜ਼ਰੂਰ ਹੈ। ਮਹਿਲਾ ਆਗੂ ਵੀ ਅਕਾਲੀ ਆਗੂ ਨੂੰ ਵੱਡੇ ਆਹੁਦੇ ਦੀਆਂ ਵਧਾਈਆਂ ਦਿੰਦੀ ਹੋਈ ਖ਼ੁਦ ਲਈ ਕੋਈ ਵੱਡਾ ਆਹੁਦਾ ਮੰਗਦੀ ਹੈ, ਜਿਸ ਤੋਂ ਬਾਅਦ ਅਕਾਲੀ ਆਗੂ ਸਭ ਕੁਝ ਕੁਰਬਾਨ ਕਰਨ ਦੇ ਲਹਿਜ਼ੇ ਵਿੱਚ ‘‘ਹੱਸਦੀ ਨੇ ਫੁੱਲ ਮੰਗਿਆ, ਸਾਰਾ ਬਾਗ਼ ਹਵਾਲੇ ਤੇਰੇ’’ ਵਾਲੀ ਤਰਜ਼ ’ਤੇ ਆ ਜਾਂਦਾ ਹੈ। ਇਸ ਆਡੀਓ ਸੰਬੰਧੀ ਕਈ ਵੱਡੇ ਅਕਾਲੀ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਭ ਨੇ ਚੁੱਪ ਹੀ ਵੱਟ ਲਈ।

error: Content is protected !!