ਬਰਨਾਲਾ, 10 ਜਨਵਰੀ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲੇ ਅਧੀਨ ਪੈਂਦਾ ਵਿਧਾਨ ਸਭਾ ਹਲਕਾ ਮਹਿਲ ਕਲਾਂ (ਰਿਜ਼ਰਵ) ਇਸ ਵਾਰ ਕੁਝ ਜ਼ਿਆਦਾ ਹੀ ਚਰਚਾ ਵਿੱਚ ਹੈ। ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਹਿਲ ਕਲਾਂ ਹਲਕੇ ਤੋਂ ਚੋਣ ਲੜਨ ਸੰਬੰਧੀ ਕਨਸੋਆਂ ਨੇ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਾਹ ਰੋਕਿਆ ਹੋਇਆ ਹੈ। 2017 ’ਚ ਇੱਥੋ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਨੇ ਜਿੱਤ ਪ੍ਰਾਪਤ ਕੀਤੀ ਸੀ, ਪ੍ਰੰਤੂ ਇਸ ਵਾਰ ਹਾਲਾਤ ਬਿਲਕੁਲ ਵੱਖਰੇ ਬਣਦੇ ਨਜ਼ਰ ਆ ਰਹੇ ਹਨ। ਜੇਕਰ ਚਰਚਾ ਅਨੁਸਾਰ ਮੁੱਖ ਮੰਤਰੀ ਚੰਨੀ ਮਹਿਲ ਕਲਾਂ ਤੋਂ ਚੋਣ ਲੜਦੇ ਹਨ ਤਾਂ ਚੋਣ ਜੰਗ ਦਿਲਚਸਪ ਹੋਵੇਗੀ। ਆਪ ਉਮੀਦਵਾਰ ਨੂੰ ਟਿਕਟ ਦਾ ਐਲਾਨ ਹੋਏ ਭਾਵੇਂ ਲੱਗਭੱਗ ਮਹੀਨਾ ਹੋ ਗਿਆ ਪਰ ਅਜੇ ਤੱਕ ਉਸ ਨੇ ਆਪਣੀਆਂ ਚੋਣ ਸਰਗਰਮੀਆਂ ਪੂਰੀ ਤਰਾਂ ਸ਼ੁਰੂ ਨਹੀਂ ਕੀਤੀਆਂ। ਚਰਚਾ ਇਹ ਵੀ ਹੈ ਕਿ ਆਪ ਉਮੀਦਵਾਰ ਕਾਂਗਰਸੀ ਉਮੀਦਵਾਰ ਦੇ ਐਲਾਨ ਨੂੰ ਉਡੀਕ ਰਿਹਾ ਹੈ। ਸ਼ੇਰਪੁਰ ਖੇਤਰ ਨਾਲ ਸੰਬੰਧਿਤ ਅਤੇ 2017 ’ਚ ਕੁਲਵੰਤ ਸਿੰਘ ਪੰਡੋਰੀ ਨੂੰ ਪਾਰਟੀ ਟਿਕਟ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇੱਕ ਸੀਨੀਅਰ ਆਗੂ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟ ਤੋਂ ਸਪੱਸ਼ਟ ਹੈ ਕਿ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਆਪ ਉਮੀਦਵਾਰ ਨੇ ਹਲਕੇ ’ਚ ਪਾਰਟੀ ਦੇ ਸੀਨੀਅਰ ਆਗੂਆਂ ਤੱਕ ਵੀ ਚੰਗੀ ਤਰਾਂ ਪਹੁੰਚ ਨਹੀਂ ਕੀਤੀ। ਇੱਥੋ ਤੱਕ ਕਿ ਆਪ ਉਮੀਦਵਾਰ ਨੇ ਹਲਕਾ ਹੈੱਡ ਕੁਆਰਟਰ ਮਹਿਲ ਕਲਾਂ ਵਿਖੇ ਆਪਣਾ ਚੋਣ ਦਫ਼ਤਰ ਵੀ ਨਹੀਂ ਬਣਾਇਆ।
ਹਲਕੇ ਦੇ ਬਹੁਤੇ ਵੱਡੇ ਪਿੰਡਾਂ ’ਚ ਆਪ ਉਮੀਦਵਾਰ ਪ੍ਰਤੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਸਿਆਸੀ ਹਲਕਿਆਂ ’ਚ ਹੋ ਰਹੀ ਚਰਚਾ ਅਨੁਸਾਰ ਜੇਕਰ ਕਾਂਗਰਸ ਵੱਲੋਂ ਕੋਈ ਵੱਡਾ/ਬੇਦਾਗ਼ ਚਿਹਰਾ ਮੈਦਾਨ ਵਿੱਚ ਆਇਆ ਤਾਂ ‘ਆਪ’ ਉਮੀਦਵਾਰ ਨੂੰ ਤਕੜੇ ਚੋਣ ਦੰਗਲ ਦਾ ਸਾਹਮਣਾ ਕਰਨਾ ਪਵੇਗਾ,ਚੋਣ ਜੰਗ ‘ਆਪ’ ਉਮੀਦਵਾਰ ਲਈ ਸੱਪ ਦੀ ਸਿਰੀ ਤੋਂ ਨੋਟ ਚੁੱਕਣ ਵਾਲੀ ਵੀ ਬਣ ਸਕਦੀ ਹੈ। ਦੂਜੇ ਪਾਸੇ ਸੰਯੁਕਤ ਸਮਾਜ ਮੋਰਚੇ ਦਾ ਉਮੀਦਵਾਰ ਵੀ ਆਪ ਦੇ ਵੋਟ ਬੈਂਕ ’ਚ ਹੀ ਵਧੇਰੇ ਸੰਨ ਲਾਵੇਗਾ। ਹਲਕੇ ਦੀ ਅਸਲ ਸਥਿਤੀ ਸਾਰੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਸਮਝ ਆਵੇਗੀ ਪ੍ਰੰਤੂ ਕੁੱਲ ਮਿਲਾ ਕੇ ਇਸ ਵਾਰ ਆਮ ਆਦਮੀ ਪਾਰਟੀ ਲਈ ਮਹਿਲ ਕਲਾਂ ਹਲਕੇ ਦਾ ਚੋਣ ਦੰਗ਼ਲ ਐਨਾ ਸੌਖ਼ਾ ਨਹੀਂ, ਜਿਨਾਂ ਆਪ ਉਮੀਦਵਾਰ ਵੱਲੋਂ ਮੰਨਿਆ ਜਾ ਰਿਹਾ ਹੈ।








