ਬਰਨਾਲਾ, 14 ਜਨਵਰੀ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਨੇ ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਯੂ-ਟਰਨ ਲੈਂਦੇ ਹੋਏ ਇੱਕ ਨੰਬਰ ਜਾਰੀ ਕੀਤਾ ਹੈ, ਜਿਸ ਉੱਪਰ ਲੋਕਾਂ ਦੀ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਰਾਇ ਪੁੱਛੀ ਗਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅੰਮਿ੍ਰਤਸਰ ਦੀ ਪਵਿੱਤਰ ਧਰਤੀ ’ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਪੰਜਾਬ ਚੋਣਾਂ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਪਦ ਲਈ ਪੜਿਆ ਲਿਖਿਆ, ਜਾਣਿਆ ਪਹਿਚਾਣਿਆ ਅਤੇ ਸਿੱਖ ਚਿਹਰਾ ਸਾਹਮਣੇ ਲਿਆਂਦਾ ਜਾਵੇਗਾ। ਸ੍ਰੀ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਪਾਰਟੀ ਨੇ ਕਈ ਹਸਤੀਆਂ ਨੂੰ ਪੱਟਣ ਲਈ ਡੋਰੇ ਪਾਏ ਪਰ ਸਫ਼ਲਤਾ ਨਹੀਂ ਮਿਲੀ । ਦੂਜੇ ਪਾਸੇ ਪਾਰਟੀ ਦੇ ਵਲੰਟੀਅਰਾਂ ਖ਼ਾਸ ਕਰਕੇ ਮਾਲਵਾ ਖ਼ੇਤਰ ਵਿੱਚੋਂ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਮੰਗ ਉੱਠੀ, ਬਹੁਤ ਸਾਰੇ ਪਾਰਟੀ ਆਗੂਆਂ ਨੇ ਇਸ ਕਰਕੇ ਅੱਖਾਂ ਵੀ ਦਿਖਾਈਆਂ ਕਿ ਜੇਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਜਾਂਦਾ ਤਾਂ ਉਹ ਘਰ ਬੈਠ ਜਾਣਗੇ। ਇਨਾਂ ਸਾਰੇ ਹਾਲਾਤਾਂ ਤੋਂ ਪਾਰਟੀ ਹਾਈਕਮਾਂਡ ਪੂਰੀ ਤਰਾਂ ਜਾਣੂ ਸੀ ਪ੍ਰੰਤੂ ‘ਫ਼ਸ ਗਈ ਤਾਂ ਫਟਕਣ ਕੇਹਾ’ ਕਹਾਵਤ ਅਨੁਸਾਰ ਪਾਰਟੀ ਸੁਪਰੀਮੋ ਵੱਲੋਂ ਸਿੱਖ ਚਿਹਰੇ ਵਾਲੇ ਬਿਆਨ ਤੋਂ ਸਿੱਧਾ ਮੁਕਰਨ ਦੀ ਬਜਾਏ ਮੋਬਾਇਲ ਨੰਬਰ ਜਾਰੀ ਕਰਕੇ ਲੋਕਾਂ ਦੀ ਰਾਏ ਜਾਣਨ ਦਾ ਤਰੀਕਾ ਲੱਭਿਆ। ਆਮ ਲੋਕਾਂ ਵਿੱਚ ਇਸ ਗੱਲ ਦੀ ਪੂਰੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਵੀ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਲੋਕਾਂ ਨੂੰ ਮੂਰਖ਼ ਬਣਾਉਣ ਦੇ ਤੌਰ ਤਰੀਕੇ ਅਪਨਾਉਣ ਲੱਗ ਪਈ ਹੈ। ਸਵਾਲ ਇਹ ਵੀ ਉੱਠ ਰਹੇ ਹਨ ਕਿ ਆਮ ਵਲੰਟੀਅਰਾਂ ਨੂੰ ਟਿਕਟਾਂ ਦੇਣ ਦੀ ਬਜਾਏ ਲਾਲੀ ਮਜੀਠੀਆ, ਜੀਵਨਜੋਤ ਕੌਰ ਵਰਗੇ ਡਿਫਾਲਟਰਾਂ ਨੂੰ ਟਿਕਟਾਂ ਦੇਣ ਤੋਂ ਪਹਿਲਾਂ ‘ਆਪ’ ਨੇ ਕੋਈ ਮੋਬਾਇਲ ਨੰਬਰ ਜਾਰੀ ਕਿਉਂ ਨਹੀਂ ਕੀਤਾ?









