Gee 98News

ਬਰਨਾਲਾ ’ਚ ਦਿਨ ਦਿਹਾੜੇ ਚੋਰਾਂ ਨੇ ਚੰਮ ਦੀਆਂ ਚਲਾਈਆਂ, ਪੁਲਿਸ ਸੁਰੱਖਿਆ ’ਤੇ ਸਵਾਲ

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦੇ ਕੀਤੀ ਚੋਰੀ
ਬਰਨਾਲਾ, 14 ਜਨਵਰੀ (ਨਿਰਮਲ ਸਿੰਘ ਪੰਡੋਰੀ) : ਸ਼ਹਿਰ ਬਰਨਾਲਾ ’ਚ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਹਨ ਕਿ ਚੋਰ ਹੁਣ ਚੋਰੀ ਕਰਨ ਲਈ ਰਾਤ ਦੇ ਹਨੇਰੇ ਦੀ ਉਡੀਕ ਵੀ ਨਹੀਂ ਕਰਦੇ, ਸਗੋਂ ਦਿਨ ਦੇ ਚਾਨਣ ’ਚ ਹੀ ਚੋਰ ਚੰਮ ਦੀਆਂ ਚਲਾ ਰਹੇ ਹਨ। ਮਾਘੀ ਵਾਲੇ ਦਿਨ ਚੋਰਾਂ ਨੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਦੇ ਬਰਨਾਲਾ ਸਥਿਤ ਘਰ ਨਾਨਕਸਰ ਨਗਰ ਗਲੀ ਨੰਬਰ 4 ਵਿੱਚ ਚੋਰੀ ਕਰਕੇ ਪੁਲਿਸ ਸੁਰੱਖਿਆ ਦੀ ਪੋਲ ਖੋਲ ਦਿੱਤੀ। ਜਾਣਕਾਰੀ ਦਿੰਦੇ ਹੋਏ ਭਾਈ ਗੁਰਸੇਵਕ ਸਿੰਘ ਦੇ ਪਿਤਾ ਸਾਬਕਾ ਫੌਜੀ ਭੋਲਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਪ੍ਰਭਦੀਪ ਸਿੰਘ ਨਾਲ ਆਪਣੇ ਘਰ ਤੋਂ ਮਹਿਜ਼ 700 ਮੀਟਰ ਦੀ ਦੂਰੀ ’ਤੇ ਨਾਨਕਸਰ ਠਾਠ ਦੇ ਗੇਟ ਦੇ ਬਿਲਕੁਲ ਨਾਲ ਮਾਘੀ ਦੇ ਦਿਹਾੜੇ ’ਤੇ ਲਗਾਏ ਲੰਗਰ ਵਿੱਚ ਸੇਵਾ ਕਰਨ ਗਏ ਸੀ ਅਤੇ ਪਤਨੀ ਕੰਮ ’ਤੇ ਗਈ ਹੋਈ ਸੀ ਤਾਂ ਮਗਰੋਂ ਕੰਧ ਟੱਪ ਕੇ ਚੋਰਾਂ ਨੇ ਵਕਤ 12 ਤੋਂ 3 ਦੇ ਦਰਮਿਆਨ ਘਰ ਵਿੱਚ ਪਈ ਅਲਮਾਰੀ ਤੋੜ ਕੇ ਡੇਢ ਤੋਲੇ ਸੋਨਾ, 7 ਤੋਲੇ ਚਾਂਦੀ, 8 ਹਜ਼ਾਰ ਦੀ ਨਕਦੀ ਅਤੇ ਇੱਕ ਕੀਮਤੀ ਮੋਬਾਇਲ ਚੋਰੀ ਕਰਕੇ ਲੈ ਗਏ। ਚੋਰਾਂ ਨੇ ਘਰ ’ਚ ਖੜੇ ਮੋਟਰਸਾਈਕਲ ਦੀ ਭੰਨਤੋੜ ਵੀ ਕੀਤੀ ਅਤੇ ਹੋਰ ਸਮਾਨ ਵੀ ਖਿਲਾਰਿਆ, ਚੋਰਾਂ ਨੇ ਅਲਮਾਰੀ ਤੋੜਨ ਲਈ ਸੱਬਲ ਤੇ ਹਥੌੜਾ ਵੀ ਘਰ ’ਚੋਂ ਹੀ ਲਿਆ। ਉਨਾਂ ਦੱਸਿਆ ਕਿ ਜਦ ੳਹ ਘਰ ਆਏ ਤਾਂ ਅੰਦਰੋ ਘਰ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਏ, ਜਿਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਇਸ ਸੰਬੰਧੀ ਸੰਪਰਕ ਕਰਨ ’ਤੇ ਪੁਲਿਸ ਥਾਣਾ ਸਿਟੀ -2 ਦੇ ਐਸਐਚਓ ਸ੍ਰੀ ਮੁਨੀਸ਼ ਗਰਗ ਨੇ ਕਿਹਾ ਕਿ ਘਰ ਦੇ ਨੇੜੇ ਗਲੀ ਵਿੱਚ ਸੀਸੀਟੀਵੀ ਫੁਟੇਜ਼ ਖੰਗਾਲੀ ਜਾ ਰਹੀ ਹੈ। ਜਿਸ ਦੇ ਆਧਾਰ ’ਤੇ ਚੋਰਾਂ ਦੀ ਪੈੜ ਨੱਪ ਲਈ ਜਾਵੇਗੀ। ਪੁਲਿਸ ਚੋਰਾਂ ਦੀ ਪੈੜ ਨੱਪਦੀ ਹੈ ਜਾ ਫਿਰ ਚੋਣ ਰੌਲੇ ਵਿੱਚ ਚੋਰਾਂ ਦੀ ਪੈੜ ਰੁਲ ਜਾਵੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਦਿਨ ਦਿਹਾੜੇ ਸ਼ਹਿਰ ’ਚ ਹੋਈ ਇਸ ਚੋਰੀ ਦੀ ਵਾਰਦਾਤ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

error: Content is protected !!