ਬਰਨਾਲਾ, 17 ਜਨਵਰੀ (ਨਿਰਮਲ ਸਿੰਘ ਪੰਡੋਰੀ : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਕ 14 ਫਰਵਰੀ ਤੋਂ ਬਦਲ ਕੇ ਅੱਗੇ ਹੋ ਸਕਦੀ ਹੈ। ਭਾਜਪਾ, ਬਸਪਾ, ਪੰਜਾਬ ਲੋਕ ਕਾਂਗਰਸ ਅਤੇ ਸ੍ਰੀ ਗੁਰੂ ਰਵੀਦਾਸ ਜੀ ਦੇ ਸ਼ਰਧਾਲੂਆਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਰਵੀਦਾਸ ਜੈਯੰਤੀ ਦੇ ਮੱਦੇਨਜ਼ਰ ਪੰਜਾਬ ਚੋਣਾਂ ਦੀ ਤਾਰੀਕ ਬਦਲੀ ਜਾਵੇ। ਚੋਣ ਕਮਿਸ਼ਨ ਸੋਮਵਾਰ ਇਸ ਮੰਗ ’ਤੇ ਕੋਈ ਫੈਸਲਾ ਲੈ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਕਿ ਰਵੀਦਾਸ ਜੈਯੰਤੀ ਸਮੇਂ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ 10 ਤੋਂ 16 ਫਰਵਰੀ ਦੇ ਦਰਮਿਆਨ ਵਾਰਾਣਸੀ ਜਾਂਦੇ ਹਨ, ਜਦ ਕਿ ਪੰਜਾਬ ਚੋਣਾਂ 14 ਫਰਵਰੀ ਨੂੰ ਹਨ। ਮੁੱਖ ਮੰਤਰੀ ਨੇ ਤਰਕ ਦਿੱਤਾ ਕਿ ਵੱਡੀ ਗਿਣਤੀ ਵਿੱਚ ਲੋਕ ਵਾਰਾਣਸੀ ਜਾਣ ਕਾਰਨ ਵੋਟ ਪਾਉਣ ਤੋਂ ਰਹਿ ਜਾਣਗੇ। ਇਸ ਲਈ ਪੰਜਾਬ ਚੋਣਾਂ ਦੀ ਤਾਰੀਕ 14 ਫਰਵਰੀ ਤੋਂ ਬਦਲ ਕੇ ਅੱਗੇ ਕੀਤੀ ਜਾਵੇ। ਦੱਸਣਯੋਗ ਹੈ ਕਿ 16 ਫਰਵਰੀ ਰਵੀਦਾਸ ਜੈਯੰਤੀ ਹੈ, ਜਿਸ ਸਬੰਧੀ 14 ਫਰਵਰੀ ਤੋਂ ਸਮੁੱਚੇ ਪੰਜਾਬ ਵਿੱਚ ਸਮਾਗਮ ਸ਼ੁਰੂ ਹੋ ਜਾਣਗੇ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਨਤਮਸਤਕ ਹੋਣ ਲਈ ਗੁਰੂ ਰਵੀਦਾਸ ਜੀ ਦੀ ਜਨਮ ਭੂਮੀ ਵੀ ਜਾਣਗੇ ਅਤੇ ਇਹ ਸਾਰੇ ਲੋਕ 16 ਫਰਵਰੀ ਤੋਂ ਬਾਅਦ ਵਾਪਸ ਮੁੜਨਗੇ।








