-ਭਗਵੰਤ ਮਾਨ ਦਾ ਚਿਹਰਾ-ਮੋਹਰਾ ਮੁੱਖ ਮੰਤਰੀ ਵਾਲਾ ਨਹੀਂ ਹੈ : ਮਾਨ
–ਮਹਿਲ ਕਲਾਂ ਵਿਖੇ ਆਪਣੇ ਉਮੀਦਵਾਰ ਦੇ ਦਫ਼ਤਰ ਦਾ ਕੀਤਾ ਉਦਘਾਟਨ
ਬਰਨਾਲਾ, 24 ਜਨਵਰੀ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਪੁੱਜੇ ਸ਼ੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਸਾਂਢੂ ਕੈਪਟਨ ਅਮਰਿੰਦਰ ਸਿੰਘ ਉੱਪਰ ਸਿਆਸੀ ਰਗੜੇ ਲਾਉਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਉੱਪਰ ਈਡੀ ਦੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਵਾਈ ਹੈ, ਕਿਉਂਕਿ ਕੈਪਟਨ ਨੇ ਬਤੌਰ ਮੁੱਖ ਮੰਤਰੀ ਇਕੱਤਰ ਕੀਤੀਆਂ ਆਪਣੇ ਮੰਤਰੀਆਂ ਦੇ ਕਾਰੋਬਾਰ ਦੀਆਂ ਰਿਪੋਰਟਾਂ ਭਾਜਪਾ ਨੂੰ ਦੇ ਦਿੱਤੀਆਂ ਹਨ। ਸ. ਮਾਨ ਨੇ ਸੰਦੇਹ ਪ੍ਰਗਟ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਈਡੀ ਪੰਜਾਬ ਦੇ ਹੋਰ ਅਜਿਹੇ ਮੰਤਰੀਆਂ ਨੂੰ ਸਿਕੰਜੇ ਵਿੱਚ ਲੈ ਸਕਦੀ ਹੈ ਜਿਹੜੇ ਕੈਪਟਨ ਨੂੰ ਛੱਡ ਗਏ ਹਨ। ਸ. ਮਾਨ ਨੇ ਕਿਹਾ ਕਿ ਖ਼ੁਦ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਉਨਾਂ ਕੋਲ ਸਾਰੇ ਮੰਤਰੀਆਂ ਦੀਆਂ ਕੁਰੱਪਸ਼ਨ ਵਾਲੀਆਂ ਗਤੀਵਿਧੀਆਂ ਦੀ ਰਿਪੋਰਟ ਹੈ। ਸਿਮਰਨਜੀਤ ਸਿੰਘ ਮਾਨ ਤਨਜ਼ ਕੀਤਾ ਕਿ ਘਰ ਦਾ ਭੇਤੀ ਹੀ ਲੰਕਾ ਢਾਹ ਰਿਹਾ ਹੈ। ਵਿਭਾਨ ਸਭਾ ਚੋਣਾਂ ਸੰਬੰਧੀ ਆਪਣੀ ਪਾਰਟੀ ਦੀਆਂ ਪਹਿਲਕਦਮੀਆਂ ਬਾਰੇ ਗੱਲ ਕਰਦੇ ਹੋਏ ਸ. ਮਾਨ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਵਪਾਰ ਲਈ ਕੰਮ ਕਰਨਗੇ ਅਤੇ ਸਿਹਤ, ਸਿੱਖਿਆ ਲਈ ਅਤੇ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਉਨਾਂ ਦੀ ਸਰਕਾਰ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ। ਲੋਕ ਸਭਾ ਹਲਕਾ ਸੰਗਰੂਰ ਤੋਂ ਬਤੌਰ ਮੈਂਬਰ ਪਾਰਲੀਮੈਟ ਆਪਣੀ ਪ੍ਰਾਪਤੀਆਂ ’ਤੇ ਚਰਚਾ ਕਰਦੇ ਹੋਏ ਸ. ਮਾਨ ਕਿਹਾ ਕਿ ਉਨਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਲਈ ਗਰਾਂਟਾਂ ਦਿੱਤੀਆਂ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਗਵੰਤ ਮਾਨ ਦਾ ਚਿਹਰਾ-ਮੋਹਰਾ ਅਤੇ ਕਿਰਦਾਰ ਮੁੱਖ ਮੰਤਰੀ ਵਾਲਾ ਨਹੀਂ ਹੈ, ਪਹਿਲਾਂ ਭਗਵੰਤ ਮਾਨ ਆਪਣਾ ਇਖ਼ਲਾਕ ਉੱਚਾ-ਸੁੱਚਾ ਬਣਾਵੇ ਫ਼ੇਰ ਗੱਲ ਕੀਤੀ ਜਾ ਸਕਦੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦਾਗ਼ੀ ਹੋ ਚੁੱਕੀਆਂ ਹਨ ਅਤੇ ਲੋਕ ਸਾਰੀਆਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਇਸ ਲਈ ਇਸ ਵਾਰ ਸ਼੍ਰੋਮਣੀ ਆਕਲੀ ਦਲ (ਅ) ਲਈ ਮੈਦਾਨ ਖੁੱਲਾ ਹੈ। ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।









