ਬਰਨਾਲਾ, 24 ਜਨਵਰੀ (ਨਿਰਮਲ ਸਿੰਘ ਪੰਡੋਰੀ) : ਪਿਛਲੇ ਦਿਨੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਅਕਾਲੀ ਆਗੂ ਜਸਵੀਰ ਸਿੰਘ ਗੱਖੀ ਨੇ ਘਰ ਵਾਪਸੀ ਕਰਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਵਾਪਸੀ ਕੀਤੀ। ਬਰਨਾਲਾ ਹਲਕੇ ਤੋਂ ਉਮੀਦਵਾਰ ਕੁਲਵੰਤ ਸਿੰਘ ਕੀਤੂ, ਜ਼ਿਲਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਸ਼ਹਿਰੀ ਪ੍ਰਧਾਨ ਬਿੱਟੂ ਦੀਵਾਨਾ ਅਤੇ ਹੋਰ ਸੀਨੀਅਰ ਆਗੂਆਂ ਨੇ ਸਿਰੋਪਾ ਪਾ ਕੇ ਜਸਵੀਰ ਸਿੰਘ ਗੱਖੀ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜਸਵੀਰ ਸਿੰਘ ਗੱਖੀ, ਜੋ ਦਲ ਦੇ ਬੀਸੀ ਵਿੰਗ ਦੇ ਜ਼ਿਲਾ ਪ੍ਰਧਾਨ ਸਨ, ਐਸਸੀ ਵਿੰਗ ਦੇ ਜ਼ਿਲਾ ਪ੍ਰਧਾਨ ਧਰਮ ਸਿੰਘ ਫੌਜ਼ੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਧਰਮ ਸਿੰਘ ਫ਼ੌਜੀ ਨੂੰ ਤਾਂ ਕੈਪਟਨ ਨੇ ਭਦੌੜ ਹਲਕੇ ਤੋਂ ਟਿਕਟ ਵੀ ਦਿੱਤੀ ਹੈ ਪਰ ਜਸਵੀਰ ਸਿੰਘ ਨੇ ਮੁੜ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ।
ਇਸੇ ਤਰਾਂ ਧਰਮਿੰਦਰ ਘੜੀਆਂ ਵਾਲਾ ਵੀ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ। ਧਰਮਿੰਦਰ ਘੜੀਆਂ ਵਾਲਾ ਪਹਿਲਾਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਚਲਾ ਗਿਆ ਸੀ। ਅਕਾਲੀ ਦਲ ਦੇ ਸ਼ਹਿਰੀ ਜ਼ਿਲਾ ਪ੍ਰਧਾਨ ਬਿੱਟੂ ਦੀਵਾਨਾ ਨੇ ਕਿਹਾ ਕਿ ਕੀਤੂ ਦੀ ਚੋਣ ਮੁਹਿੰਮ ਨੂੰ ਦਿਨੋ-ਦਿਨ ਹੁਲਾਰਾ ਮਿਲ ਰਿਹਾ ਹੈ।
