ਬਰਨਾਲਾ, 08 ਫਰਵਰੀ (ਨਿਰਮਲ ਸਿੰਘ ਪੰਡੋਰੀ) : ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਫਰਵਾਹੀ ਬਜ਼ਾਰ ’ਚ ਆਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਪਾਰਟੀ ਦੇ ਭਰਵੀਂ ਗਿਣਤੀ ’ਚ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਕੋਲ ਅਗਲੇ 5 ਵਰਿਆਂ ਲਈ ਲੋਕ ਹਿਤੈਸ਼ੀ ਸਰਕਾਰ ਚੁਣਨ ਦਾ ਇੱਕ ਸੁਨਹਿਰੀ ਮੌਕਾ 20 ਵਰਕਰੀ ਨੂੰ ਆ ਰਿਹਾ ਹੈ। ਇਸ ਲਈ ਪੂਰੀ ਜਾਗਰੂਕਤਾ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਲਈ ਕੰਮ ਕਰਨ ਵਾਲੀ ਅਤੇ ਪੰਜਾਬ ਦੀ ਖ਼ੁਸਹਾਲੀ ਲਈ ਸਮਰਪਿਤ ਸਰਕਾਰ ਚੁਣਨ ਲਈ ਆਮ ਆਦਮੀ ਪਾਰਟੀ ਲਈ ਵੋਟ ਦੇਣਾ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਈ ਵਰਿਆਂ ਤੋਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਪਰਖ ਲਿਆ ਹੈ, ਅਤੇ ਇਹ ਸਭ ਦੇ ਸਾਹਮਣੇ ਹੈ ਕਿ ਇਨਾਂ ਪਰਖੀਆਂ ਹੋਈਆਂ ਪਾਰਟੀਆਂ ਦੇ ਰਾਜ ਵਿੱਚ ਪੰਜਾਬ ਹਰ ਖੇਤਰ ’ਚ ਅਰਸ਼ ਤੋਂ ਫਰਸ਼ ’ਤੇ ਆ ਡਿੱਗਾ ਹੈ। ਮੀਤ ਹੇਅਰ ਨੇ ਸੱਦਾ ਦਿੱਤਾ ਕਿ ਪੰਜਾਬ ਦੀ ਕਿਸਮਤ ਬਦਲਣ ਲਈ ਅਤੇ ਪੰਜਾਬ ਦਾ ਸਿਸਟਮ ਸੁਧਾਰਨ ਲਈ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ। ਮੀਤ ਹੇਅਰ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੇ ਸਾਲ ਦੇ ਅੰਦਰ ਅੰਦਰ ਮੈਡੀਕਲ ਕਾਲਜ, ਆਈਟੀ ਪਾਰਕ, ਅਤਿ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਸਮੇਤ ਬੁਨਿਆਦੀ ਸਹੂਲਤਾਂ ਬਰਨਾਲੇ ਲਿਆਦੀਆਂ ਜਾਣਗੀਆਂ। ਇਸ ਮੌਕੇ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਪਿਆਰਾ ਲਾਲ ਰਾਏਸਰੀਆ ਨੇ ਵੀ ਸੰਬੋਧਨ ਕੀਤਾ।








