ਬਰਨਾਲਾ, 31 ਮਾਰਚ (ਨਿਰਮਲ ਸਿੰਘ ਪੰਡੋਰੀ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ ਲਈ ਜਾਰੀ ਕੀਤੇ ਵਟਸਅੱਪ ਨੰਬਰ ਜਾਰੀ ਕਰਨ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ। ਅਜਿਹੀ ਇੱਕ ਸ਼ਿਕਾਇਤ ਸਬ-ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਦੀ ਸਾਹਮਣੇ ਆਈ ਹੈ। ਸ਼ਿਕਾਇਤਕਰਤਾ ਕ੍ਰਿਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਨੇ ਚੇਅਰਮੈਨ ਐਸਸੀ, ਐਸਟੀ ਕਮਿਸ਼ਨ ਨੂੰ ਬੀਤੇ ਦਿਨ ਲਿਖ਼ਤੀ ਸ਼ਿਕਾਇਤ ਕੀਤੀ ਸੀ ਕਿ ਨਾਇਬ ਤਹਿਸੀਲਦਾਰ ਮਹਿਲ ਕਲਾਂ ਨੇ ਉਸ ਕੋਲੋ ਇੱਕ ਪਲਾਟ ਦੀ ਰਜਿਸਟਰੀ ਬਦਲੇ ਕਥਿਤ ਕੌਰ ’ਤੇ 20 ਹਜ਼ਾਰ ਦੀ ਰਿਸ਼ਵਤ ਮੰਗੀ ਹੈ। ਸ਼ਿਕਾਇਤ ਕਰਤਾ ਕ੍ਰਿਸ਼ਨ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਦਾਅਵਾ ਵੀ ਕੀਤਾ ਹੈ ਕਿ ਉਸ ਕੋਲ ਰਿਸ਼ਵਤ ਮੰਗਣ ਸੰਬੰਧੀ ਠੋਸ ਸਬੂਤ ਹਨ। ਐਸਸੀ, ਐਸਟੀ ਕਮਿਸ਼ਨ ਵੱਲੋਂ ਆਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਕਤ ਮਾਮਲੇ ’ਚ ਅਗਲੀ ਪੜਤਾਲ ਲਈ ਨਾਇਬ ਤਹਿਸੀਲਦਾਰ ਮਹਿਲ ਕਲਾਂ ਨੂੰ 5 ਅਪ੍ਰੈਲ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ








