-ਸਬ-ਡਵੀਜ਼ਨ ਮਹਿਲ ਕਲਾਂ ਲਈ ਦਿੱਤੀ ਅਸਾਮੀਆਂ ਨੂੰ ਮਨਜ਼ੂਰੀ
ਬਰਨਾਲਾ, 12 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਕੀਤੇ ਇੱਕ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੀ ਚੰਨੀ ਸਰਕਾਰ ਨੇ ਬਰਨਾਲਾ ਜ਼ਿਲੇ ਦੇ ਕਸਬਾ ਮਹਿਲ ਕਲਾਂ ਨੂੰ ਸਬ-ਡਵੀਜ਼ਨ ਬਣਾਉਣ ਦਾ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਫੈਸਲਾ ਕੀਤਾ ਸੀ। ਚੰਨੀ ਦੇ ਇਸ ਐਲਾਨ ਦਾ ਸਿਹਰਾ ਮਹਿਲ ਕਲਾਂ ਖੇਤਰ ਦੇ ਚੰਨੀ ਨਾਲ ਨਜ਼ਦੀਕੀ ਰੱਖਣ ਵਾਲੇ ਨੌਜਵਾਨ ਆਗੂ ਸੁਸ਼ੀਲ ਕੁਮਾਰ ਬਾਂਸਲ ਦੀ ਭੱਜਦੌੜ ਦੇ ਸਿਰ ਬੰਨਿਆ ਗਿਆ ਸੀ,ਕਿਉਂਕਿ ਸੁਸ਼ੀਲ ਬਾਂਸਲ ਦੀ ਪਹਿਲ ਸਦਕਾ ਹੀ ਸਬ-ਡਵੀਜਨ ਦੇ ਐਲਾਲ ਸੰਬੰਧੀ ਚੰਨੀ ਨੇ ਮਹਿਲ ਕਲਾਂ ਵਿਖੇ ਇੱਕ ਵੱਡੇ ਸਮਾਗਮ ’ਚ ਸ਼ਿਰਕਤ ਕੀਤੀ ਸੀ। ਸੂਬੇ ’ਚ ਸਰਕਾਰ ਬਦਲਣ ਤੋਂ ਬਾਅਦ ਮਹਿਲ ਕਲਾਂ ਸਬ-ਡਵੀਜਨ ਦਾ ਐਲਾਨ ਠੰਡੇ ਬਸਤੇ ਵਿੱਚ ਪੈਣ ਦੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਸੀ, ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਸਬ-ਡਵੀਜਨ ਮਹਿਲ ਕਲਾਂ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਤਹਿਤ ਪੰਜਾਬ ਦੇ ਰਾਜਪਾਲ ਵੱਲੋਂ ਸਬ-ਡਵੀਜ਼ਨ ਮਹਿਲ ਕਲਾਂ ਲਈ ਸਬ-ਡਵੀਜ਼ਨਲ ਮੈਜਿਸਟਰੇਟ ਦੀ ਇੱਕ ਅਸਾਮੀ, ਇੱਕ ਸੁਪਰਡੈਂਟ, 2 ਸੀਨੀਅਰ ਸਹਾਇਕ, 7 ਕਲਰਕ, ਇੱਕ ਜੂਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਤਹਿਸੀਲ ਦਫ਼ਤਰ ਲਈ ਇੱਕ ਤਹਿਸੀਲਦਾਰ,ਇੱਕ ਸੀਨੀਅਰ ਸਹਾਇਕ, 11 ਕਲਰਕ, ਇੱਕ ਸਟੈਨੋ ਟਾਇਪਪਿਸਟ ਸਮੇਤ ਖੇਵਟ ਸਟਾਫ਼ ਦੇ ਇੱਕ ਦਫਤਰ ਕਾਨੂੰਗੋ, ਇੱਕ ਸਹਾਇਕ ਦਫਤਰ ਕਾਨੂੰਗੋ,ਇੱਕ ਅੰਕੜਾ ਕਲਰਕ, ਇੱਕ ਬਿੱਲ ਕਲਰਕ ਅਤੇ ਇੱਕ ਫੁਟਕਲ ਕਲਰਕ ਦੀਆਂ ਅਸਾਮੀਆਂ ਦੀ ਰਚਨਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।









