Gee 98News

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਕੱਢਿਆ ਐਸਵਾਈਐਲ ਰੂਪੀ ਸੱਪ


-ਹਰਿਆਣੇ ਦੇ ਪਿੰਡ-ਪਿੰਡ ਤੱਕ ਐਸਵਾਈਐਲ ਨਹਿਰ ਦਾ ਪਾਣੀ ਲੈ ਕੇ ਜਾਣ ਦਾ ਕੀਤਾ ਦਾਅਵਾ

ਬਰਨਾਲਾ, 19 ਅਪ੍ਰੈਲ (ਨਿਰਮਲ ਸਿੰਘ ਪੰਡੋਰੀ ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਐਸਵਾਈਐਲ ਨਹਿਰ ਰੂਪੀ ਸੱਪ ਇੱਕ ਵਾਰ ਫੇਰ ਸਿਆਸੀ ਪਟਾਰੀ ’ਚੋਂ ਬਾਹਰ ਕੱਢ ਦਿੱਤਾ ਹੈ। ਸੁਸ਼ੀਲ ਗੁਪਤਾ ਨੇ ਹਰਿਆਣਾ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਗਰੰਟੀ ਦਿੱਤੀ ਹੈ ਕਿ ਹਰਿਅਣਾ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਐਸਵਾਈਐਲ ਨਹਿਰ ਦਾ ਪਾਣੀ ਹਰਿਆਣਾ ਦੇ ਪਿੰਡ- ਪਿੰਡ ਤੱਕ ਪਹੁੰਚਦਾ ਕੀਤਾ ਜਾਵੇਗਾ। ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਇਸ ਕੰਮ ਨੂੰ ਸੌਖਾ ਨੇਪਰੇ ਚਾੜ ਲਵੇਗੀ ਕਿਉਂਕਿ ਹੁਣ ਪੰਜਾਬ ’ਚ ਵੀ ਆਪ ਦੀ ਸਰਕਾਰ ਹੈ। ਕਾਂਗਰਸ ਪਾਰਟੀ ’ਤੇ ਦੋਸ਼ ਲਗਾਉਂਦੇ ਮੈਂਬਰ ਰਾਜ ਸਭਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਐਸਵਾਈਐਲ ਦੇ ਮੁੱਦੇ ’ਤੇ ਹਰਿਆਣਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਪ੍ਰੰਤੂ ਹਰਿਆਣਾ ’ਚ ‘ਆਪ’ ਦੀ ਸਰਕਾਰ ਬਣਨ ’ਤੇ ਹਰਿਆਣਾ ਨੂੰ ਐਸਵਾਈਐਲ ਨਹਿਰ ਦਾ ਪਾਣੀ ਹਰ ਹਾਲਤ ਵਿੱਚ ਮਿਲੇਗਾ। ਪਾਰਟੀ ਦੇ ਰਾਜ ਸਭਾ ਮੈਂਬਰ ਦੇ ਐਸਵਾਈਐਲ ਨਹਿਰ ਦੇ ਵਿਵਾਦਿਤ ਮੁੱਦੇ ’ਤੇ ਇਸ ਤਾਜ਼ਾ ਬਿਆਨ ਨੇ ‘ਆਪ’ ਦੀ ਪੰਜਾਬ ਇਕਾਈ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ’ਚ ਧਰਤੀ ਹੇਠਲੇ ਪਾਣੀ ਦੇ ਚਿੰਤਾਜਨਕ ਗਰਾਫ਼ ਦੇ ਮੱਦੇਨਜ਼ਰ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੀਤੀ ਤਹਿਤ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਲਈ ਅਪੀਲਾਂ ਕਰ ਰਹੇ ਹਨ ਤਾਂ ਜੋ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ ਪ੍ਰੰਤੂ ਦੂਜੇ ਪਾਸੇ ‘ਆਪ’ ਦੀ ਹਰਿਆਣਾ ਇਕਾਈ ਪੰਜਾਬ ਤੋਂ ਪਾਣੀ ਲੈਣ ਦੇ ਦਾਅਵੇ ਠੋਕ ਵਜਾ ਕੇ ਕਰ ਰਹੀ ਹੈ। ਪੰਜਾਬ ’ਚ ‘ਆਪ’ ਵਿਰੋਧੀ ਪਾਰਟੀਆਂ ਨੂੰ ਇਹ ਤਾਜ਼ਾ ਮੁੱਦਾ ਮਿਲ ਗਿਆ ਹੈ ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰੋਧੀ ਪਾਰਟੀਆਂ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ, ਵਿਧਾਇਕ ਐਸਵਾਈਐਲ ਨਹਿਰ ਦਾ ਮੁੱਦਾ ਉੱਠਣ ’ਤੇ ਮੀਡੀਆ ਤੇ ਲੋਕਾਂ ਦੀ ਕਚਿਹਰੀ ਤੋਂ ਦੂਰੀ ਬਣਾਉਣ ਦਾ ਯਤਨ ਕਰਨਗੇ ਕਿਉਂਕਿ ਸਵਾਲ ਤਾਂ ਉੱਠਣਗੇ ਹੀ ਅਤੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ। ਇਹ ਸਮੇਂ ਦੀ ਬੁੱਕਲ ’ਚ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਟਾਰੀ ’ਚੋਂ ਬਾਹਰ ਕੱਢਿਆ ਐਸਵਾਈਐਲ ਰੂਪੀ ਸੱਪ ਪੰਜਾਬ ਨੂੰ ਡੰਗੇਗਾ ਜਾਂ ਹਰਿਆਣਾ ਨੂੰ ਡੰਗ ਮਾਰੇਗਾ ਜਾਂ ਫਿਰ ਕਿਸੇ ਹੋਰ ਵੱਡੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਹੀ ਇਹ ਸੱਪ ਬਾਹਰ ਕੱਢਿਆ ਗਿਆ ਹੈ।

error: Content is protected !!