Gee 98News

ਪੰਜਾਬ ਤੋਂ ਰਾਜਸਥਾਨ ਬੁਕਿੰਗ ’ਤੇ ਗਏ ਫੋਟੋਗ੍ਰਾਫ਼ਰਾਂ ਨਾਲ ਫਿਲਮੀ ਸਟਾਈਲ ’ਚ ਮਾਰੀ ਠੱਗੀ

-ਵੱਖ-ਵੱਖ ਕੰਪਨੀਆਂ ਦੇ ਲੱਗਭੱਗ 25 ਲੱਖ ਦੇ 16 ਕੈਮਰੇ ਚੋਰੀ

ਬਰਨਾਲਾ, 28 ਮਈ (ਨਿਰਮਲ ਸਿੰਘ ਪੰਡੋਰੀ) :-

ਪੰਜਾਬ ਤੋਂ ਰਾਜਸਥਾਨ ਫੋਟੋਗ੍ਰਾਫ਼ੀ/ਵੀਡੀਓਗ੍ਰਾਫ਼ੀ ਕਰਨ ਦੇ ਸੱਦੇ ’ਤੇ ਗਏ ਫੋਟੋਗ੍ਰਾਫ਼ਰਾਂ ਦੇ ਲੱਖਾਂ ਰੁਪਏ ਦੀ ਕੀਮਤ ਦੇ ਕੈਮਰੇ ਫਿਲਮੀ ਸਟਾਈਲ ਨਾਲ ਚੋਰੀ ਹੋਣ ਦੀ ਸੂਚਨਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਖੇਤਰ ਦੇ ਫੋਟੋਗ੍ਰਾਫ਼ਰ ਸਤਿਨਾਮ ਚੰਦ ਬਿੱਲੂ ਨੇ ਦੱਸਿਆ ਕਿ ਉਹ ਪੰਜਾਬ ਤੋਂ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ’ਚ ਵਿਆਹ ਅਤੇ ਹੋਰ ਸਮਾਗਮਾਂ ਵਿੱਚ ਫੋਟੋਗ੍ਰਾਫ਼ੀ/ਵੀਡੀਓਗ੍ਰਾਫ਼ੀ ਕਰਨ ਲਈ ਜਾਂਦੇ ਹਨ, ਇਨਾਂ ਸਮਾਗਮਾਂ ਦੀ ਬੁਕਿੰਗ ਰਾਜਸਥਾਨ ਦੇ ਕਿਸੇ ਫੋਟੋਗ੍ਰਾਫ਼ਰ ਨੇ ਕੀਤੀ ਹੁੰਦੀ ਹੈ ਅਤੇ ਉਹ ਅੱਗੇ ਸਮਾਗਮਾਂ ਦੀ ਕਵਰੇਜ਼ ਲਈ ਪੰਜਾਬ ਤੋਂ ਫੋਟੋਗ੍ਰਾਫ਼ਰ ਬੁਲਾਉਂਦਾ ਹੈ। ਉਨਾਂ ਦੱਸਿਆ ਕਿ ਜਲਾਲਾਬਾਦ ਖੇਤਰ ਦੇ ਫੋਟੋਗ੍ਰਾਫ਼ਰ ਪਵਨ ਕੁਮਾਰ ਨੂੰ ਰਾਜਸਥਾਨ ਤੋਂ ਫੋਨ ’ਤੇ ਇੱਕ ਵਿਅਕਤੀ ਨੇ ਕੁਝ ਸਮਾਗਮਾਂ ਦੀ ਬੁਕਿੰਗ ਕਰਵਾਈ ਅਤੇ ਐਡਵਾਂਸ ਦਸ ਹਜ਼ਾਰ ਰੁਪਏ ਵੀ ਖਾਤੇ ਵਿੱਚ ਭੇਜ ਦਿੱਤੇ। ਉਨਾਂ ਦੱਸਿਆ ਕਿ ਇਸੇ ਬੁਕਿੰਗ ਦੀ ਕਵਰੇਜ਼ ਲਈ ਉੁਹ ਜਲਾਲਾਬਾਦ ਖੇਤਰ ਤੋਂ ਆਪਣੇ ਸਾਥੀਆਂ ਨਾਲ ਕੈਮਰੇ ਅਤੇ ਹੋਰ ਸਮਾਨ ਲੈ ਕੇ ਟਰੇਨ ਰਾਹੀ 25 ਮਈ ਨੂੰ ਜਲਾਲਾਬਾਦ ਤੋਂ ਚੱਲ ਕੇ 26 ਮਈ ਰਾਜਸਥਾਨ ਦੇ ਮਾਰਵਾੜ ਭੀਲਵਾਨ ਸਟੇਸ਼ਨ ’ਤੇ ਪੁੱਜੇ ਅਤੇ ਫੋਨ ’ਤੇ ਬੁਕਿੰਗ ਕਰਵਾਉਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਾਰੇ ਫੋਟੋਗ੍ਰਾਫਰਾਂ ਨੂੰ ਸੰਚੂਰ ਕਸਬਾ ਵਿਖੇ ਪਹੁੰਚਣ ਲਈ ਕਿਹਾ। ਉਨਾਂ ਦੱਸਿਆ ਕਿ ਜਦ ਉਹ ਮਾਰਵਾੜ ਭੀਲਵਾਨ ਤੋਂ ਬੱਸ ਰਾਹੀ ਸੰਚੂਰ ਪੁੱਜੇ ਤਾਂ ਅੱਗੇ ਇੱਕ ਵਿਅਕਤੀ ਉਨਾਂ ਨੂੰ ਸੰਚੂਰ ਦੀ ਇੱਕ ਧਰਮਸ਼ਾਲਾ ਵਿੱਚ ਲੈ ਗਿਆ ਜਿੱਥੇ ਪਹਿਲਾਂ ਹੀ ਬੁਕਿੰਗ ਕਰਵਾਉਣ ਵਾਲੇ ਵਿਅਕਤੀ ਨੇ ਕਮਰੇ ਬੁੱਕ ਕਰਵਾਏ ਹੋਏ ਸਨ। ਸਤਿਨਾਮ ਚੰਦ ਨੇ ਦੱਸਿਆ ਕਿ ਉਨਾਂ ਨੇ 26 ਮਈ ਦੀ ਰਾਤ ਆਪਣੇ ਕੈਮਰੇ ਅਤੇ ਹੋਰ ਸਮਾਨ ਇੱਕ ਕਮਰੇ ਵਿੱਚ ਰੱਖ ਦਿੱਤੇ ਅਤੇ ਸਾਰੇ ਵਿਅਕਤੀ ਦੂਜੇ ਕਮਰੇ ਵਿੱਚ ਸੌਂ ਗਏ। ਜਦ ਉਹ 27 ਮਈ ਨੂੰ ਸਵੇਰੇ ਉੱਠੇ ਤਾਂ ਦੇਖਿਆ ਕਿ ਉਨਾਂ ਦੇ ਕੈਮਰੇ ਅਤੇ ਹੋਰ ਬਾਕੀ ਸਮਾਨ ਚੋਰੀ ਹੋ ਚੁੱਕਿਆ ਸੀ, ਜਿਸ ਤੋਂ ਬਾਅਦ ਬੁਕਿੰਗ ਕਰਵਾਉਣ ਵਾਲੇ ਵਿਅਕਤੀ ਨੂੰ ਫੋਨ ਲਗਾਇਆ ਤਾਂ ਉਸ ਦਾ ਫੋਨ ਬੰਦ ਸੀ। ਉਨਾਂ ਕਿਹਾ ਕਿ ਚੋਰੀ/ਠੱਗੀ ਦੀ ਇਸ ਘਟਨਾ ਨੂੰ ਬੁਕਿੰਗ ਕਰਵਾਉਣ ਵਾਲੇ, ਸੰਚੂਰ ਧਰਮਸ਼ਾਲਾ ਤੱਕ ਉਨਾਂ ਨੂੰ ਛੱਡਣ ਵਾਲੇ ਵਿਅਕਤੀ ਨੇ ਅੰਜਾਮ ਦਿੱਤਾ ਹੈ ਜਿਸ ਨੂੰ ਉਹ ਸ਼ਕਲ ਤੋਂ ਚੰਗੀ ਤਰਾਂ ਪਹਿਚਾਣ ਸਕਦੇ ਹਨ। ਉਨਾਂ ਸ਼ੰਕਾ ਜਾਹਿਰ ਕੀਤੀ ਕਿ ਉਕਤ ਮਾਮਲੇ ’ਚ ਧਰਮਸ਼ਾਲਾ ਦੇ ਪ੍ਰਬੰਧਕਾਂ ਦੀ ਵੀ ਮਿਲੀਭੁਗਤ ਹੋ ਸਕਦੀ ਹੈ। ਸਾਰੇ ਫੋਟੋਗ੍ਰਾਫ਼ਰਾਂ ਨੇ ਇੱਧਰ ਉੱਧਰ ਭਾਲ ਕਰਨ ਤੋਂ ਬਾਅਦ ਸੰਚੂਰ ਥਾਣੇ ਜਾ ਕੇ ਘਟਨਾ ਦੀ ਜਾਣਕਾਰੀ ਦਿੱਤੀ । ਸਤਿਨਾਮ ਚੰਦ ਨੇ ਦੱਸਿਆ ਕਿ ਉਨਾਂ ਦੇ ਵੱਖ-ਵੱਖ ਕੰਪਨੀਆਂ ਦੇ 16 ਕੈਮਰੇ ਚੋਰੀ ਹੋਏ ਹਨ ਜਿਨਾਂ ਦੀ ਕੀਮਤ ਲੱਗਭੱਗ 25 ਲੱਖ ਬਣਦੀ ਹੈ।

Gee98 Ads

ਬਾਕਸ ਆਈਟਮ

ਪੁਲਿਸ ਨੇ ਫੋਟੋਗ੍ਰਾਫ਼ਰਾਂ ਦੀ ਸ਼ਿਕਾਇਤ ’ਤੇ ਥਾਣਾ ਸੰਚੂਰ ਵਿਖੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 380,457 ਤਹਿਤ ਮੁਕੱਦਮਾ ਦਰਜ ਕਰਕੇ ਫੋਟੋਗ੍ਰਾਫ਼ਰਾਂ ਨੂੰ ਬੁਕਿੰਗ ਕਰਵਾਉਣ ਵਾਲੇ ਅਤੇ ਸੰਚੂਰ ਧਰਮਸ਼ਾਲਾ ਵਿੱਚ ਠਹਿਰਾਉਣ ਵਾਲੇ ਵਿਅਕਤੀ ਦੀ ਭਾਲ ਸ਼ੁਰੂੁ ਕਰ ਦਿੱਤੀ ਹੈ। ਫੋਟੋਗ੍ਰਾਫ਼ਰਾਂ ਨਾਲ ਹੋਈ ਇਸ ਵੱਡੀ ਠੱਗੀ ਦਾ ਆਲਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਅਤੇ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਤੁਰੰਤ ਨੋਟਿਸ ਲੈਂਦੇ ਹੋਏ ਰਾਜਸਥਾਨ ਪੁਲਿਸ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਪੀੜਤ ਫੋਟੋਗ੍ਰਾਫ਼ਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

error: Content is protected !!