Gee 98News

ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ ’ਤੇ ਪੁੱਜੀਆਂ

-ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ, ਸਾਰੇ ਪ੍ਰਬੰਧ ਮੁਕੰਮਲ : ਡੀਸੀ ਬਰਨਾਲਾ

ਬਰਨਾਲਾ, 22 ਜੂਨ (ਨਿਰਮਲ ਸਿੰਘ ਪੰਡੋਰੀ) :

ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਵਾਲੀ ਉਪ ਚੋਣ ਲਈ ਜ਼ਿਲ੍ਹਾ ਬਰਨਾਲਾ ਵਿੱਚ ਪ੍ਰਬੰਧ ਮੁਕੰਮਲ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫਸਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਕੁੱਲ 502127 ਵੋਟਰ ਹਨ, ਜਿਨਾਂ ’ਚੋਂ 265340 ਪੁਰਸ਼, 236772 ਮਹਿਲਾ ਵੋਟਰ ਤੇ 15 ਹੋਰ ਵੋਟਰ ਹਨ। ਉਨਾਂ ਦੱਸਿਆ ਕਿ ਭਲਕੇ ਵੋਟਾਂ ਲਈ 558 ਪੋਲਿੰਗ ਸਟੇਸ਼ਨਾਂ ’ਤੇ 2232 ਦੇ ਕਰੀਬ ਚੋਣ ਅਮਲਾ ਤਾਇਨਾਤ ਹੋਵੇਗਾ, ਜਦੋਂਕਿ 2450 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਹੋਵੇਗਾ। ਸੁਰੱਖਿਆ ਅਮਲੇ ’ਚ 13 ਕੰਪਨੀਆਂ ਸੈਂਟਰਲ ਆਰਮਡ ਫੋਰਸ ਦੀਆਂ, 7 ਸਟੇਟ ਆਰਮਡ ਫੋਰਸ ਤੇ 650 ਦੇ ਕਰੀਬ ਪੁਲੀਸ ਮੁਲਾਜ਼ਮ ਸ਼ਾਮਲ ਹੋਣਗੇ। ਇਸ ਦੌਰਾਨ ਵੱਖ-ਵੱਖ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਈਆਂ ਹਨ।
ਦੂਜੇ ਪਾਸੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ 21 ਜੂਨ ਨੂੰ ਸ਼ਾਮ 6 ਵਜੇ ਤੋਂ 23 ਜੂਨ ਨੂੰ ਚੋਣਾਂ ਮੁਕੰਮਲ ਹੋਣ ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ 26 ਜੂਨ ਨੂੰ ਡਰਾਈ ਡੇਅ ਐਲਾਨਦੇ ਹੋਏ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਤੇ ਵੇਚਣ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜ਼ਤ ਹੈ ’ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।

Gee98 Ads
error: Content is protected !!