Gee 98News

ਬੱਸ ..! ਲੰਘਿਆ ਜਾਂਦਾ ਸੀ.. ਸੋਚਿਆ ਮਿਲ ਹੀ ਜਾਵਾਂ .. ਮੰਤਰੀ ਜੀ ਬੁੱਲੇ ਵਾਂਗ ਆਏ ਤੇ ਚਲੇ ਗਏ

-ਸਿਹਤ ਮੰਤਰੀ ਨੇ ਕੀਤਾ ਬਰਨਾਲੇ ਦੇ ਸਿਵਲ ਹਸਪਤਾਲ ਦਾ ਹਵਾਈ ਨਿਰੀਖਣ

ਬਰਨਾਲਾ, 29 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਵੀਰਵਾਰ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਪੁੱਜੇ ਸਿਹਤ ਮੰਤਰੀ ਦਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਸਵਾਗਤ ਕੀਤਾ ਤੇ ਪੁਲਿਸ ਟੁਕੜੀ ਨੇ ‘ਗਾਰਡ ਆੱਫ ਆਨਰ’ ਦਿੱਤਾ। ਸਿਵਲ ਹਸਪਤਾਲ ਪੂਰੇ ਲਾਮ ਲਸ਼ਕਰ ਨਾਲ ਪੁੱਜੇ ਸਿਹਤ ਮੰਤਰੀ ਨੇ ਐਮਰਜੈਂਸੀ , ਜਨਰਲ ਵਾਰਡ ਅਤੇ ਜੱਚਾ-ਬੱਚਾ ਕੇਂਦਰ ਵਾਲੇ ਪਾਸੇ ਨਿਰੀਖਣ ਕੀਤਾ। ਸਿਹਤ ਮੰਤਰੀ ਦਾ ਇਹ ਦੌਰਾ ਸਾਉਣ ਮਹੀਨੇ ਦੇ ਬੱਦਲ ਵਾਂਗ ਸੀ। ਮੰਤਰੀ ਜੀ ਵਾਰਡਾਂ ਵਿੱਚ ਮਰੀਜ਼ਾਂ ਦੇ ਮੋਢੇ ’ਤੇ ਹੱਥ ਰੱਖਦੇ, ਜਦ ਤੱਕ ਮਰੀਜ਼ ਕੋਈ ਗੱਲ ਕਰਨਾ ਚਾਹੁੰਦੇ ਤਾਂ ਮੰਤਰੀ ਜੀ ਅੱਗੇ ਲੰਘ ਜਾਂਦੇ। ਜਨਰਲ ਵਾਰਡ ਵਿੱਚ ਮਰੀਜ਼ਾਂ ਨੇ ਰਾਤ ਵੇਲੇ ਵਾਰਡ ਵਿੱਚ ਹੁੰਮਸ ਦੀ ਸ਼ਿਕਾਇਤ ਕੀਤੀ, ਕੁਝ ਮਰੀਜ਼ਾਂ ਨੇ ਬੈੱਡਾਂ ਦੀਆਂ ਚਾਦਰਾਂ ਨਾ ਬਦਲਣ ਸੰਬੰਧੀ ਸ਼ਿਕਾਇਤ ਕੀਤੀ, ਸੀ ਟੀ ਸਕੈਨ , ਐਕਸਰੇ ਮਸ਼ੀਨ ਅਤੇ ਅਲਟਰਾਸਾਊਂਡ ਸੰਬੰਧੀ ਸ਼ਿਕਾਇਤਾਂ ਨੂੰ ਮੰਤਰੀ ਜੀ ਨੇ ਇੱਕ ਕੰਨ ਪਾ ਕੇ ਦੂਜੇ ਕੱਢਣ ਵਾਂਗ ਹੀ ਸੁਣਿਆ। ਮੌਕੇ ’ਤੇ ਡਿਊਟੀ ਦੇ ਰਹੀਆਂ ਸਟਾਫ਼ ਨਰਸਾਂ ਨੇ ਘੱਟ ਸਟਾਫ਼ ਦੀ ਗੱਲ ਕਰਨੀ ਚਾਹੀ ਪ੍ਰੰਤੂ ਮੰਤਰੀ ਜੀ ਨੇ ਸਟਾਫ਼ ਨਰਸਾਂ ਦੀ ਗੱਲ ਵੱਲ ਕੰਨ ਹੀ ਨਹੀਂ ਕਰਿਆ। ਬਰਨਾਲਾ ’ਚ ਲੋਕਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਦਿਖਾਏ ਜਾਂਦੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦੇ ਨਿਰਮਾਣ ਸੰਬੰਧੀ ਪੱਤਰਕਾਰਾਂ ਦੇ ਸਵਾਲ ਦਾ ਸਿਹਤ ਮੰਤਰੀ ਨੇ ਢਿੱਲਾ ਜਵਾਬ ਹੀ ਦਿੱਤਾ। ਮੌਕੇ ’ਤੇ ਹਾਜ਼ਰ ਕੁਝ ਪੱਤਰਕਾਰਾਂ ਅਤੇ ਲੋਕਾਂ ਨੇ ਹਸਪਤਾਲ ’ਚ ਡਾਕਰਟਾਂ ਦੀ ਘਾਟ ਬਾਰੇ ਜ਼ਿਕਰ ਕੀਤਾ ਤਾਂ ਸਿਹਤ ਮੰਤਰੀ ਨੇ ਕਿਹਾ ਕਿ ‘ਅਜੇ ਤਾਂ ਸਿਰਫ਼ ਸਰਕਾਰ ਬਣੀ ਨੂੰ 4 ਕੁ ਮਹੀਨੇ ਹੀ ਹੋਏ ਹਨ , ਚਾਰ ਮਹੀਨਿਆਂ ’ਚ ਐਨੇ ਡਾਕਟਰ ਨਹੀਂ ਬਣਾਏ ਜਾ ਸਕਦੇ, ਡਾਕਟਰ ਬਣਨ ਲਈ ਸਮਾਂ ਲੱਗਦਾ ਹੈ’। ਚੇਤਨ ਸਿੰਘ ਜੌੜਾਮਾਜਰਾ ਉਂਝ ਤਾਂ ਭਾਵੇਂ ਪਹਿਲੀ ਵਾਰ ਵਿਧਾਇਕ ਤੇ ਮੰਤਰੀ ਬਣੇ ਹਨ ਪਰ ਉਨਾਂ ਦੇ ਜਵਾਬ ਵਰਿਆਂ ਤੋਂ ਸੂਬੇ ਦੀ ਸਿਆਸਤ ’ਤੇ ਕਾਬਜ ਨੇਤਾਵਾਂ ਵਾਲੇ ਸਨ । ਕੁੱਲ ਮਿਲਾ ਕੇ ਸਿਹਤ ਮੰਤਰੀ ਦਾ ਸਿਵਲ ਹਸਪਤਾਲ ਦਾ ਦੌਰਾ ਕੁਝ ਇਸ ਤਰਾਂ ਦਾ ਰਿਹਾ ਜਿਵੇ ‘ਕੋਈ ਕਿਸੇ ਦੇ ਘਰ ਦਾ ਬੂਹਾ ਖੁੱਲਾ ਦੇਖ ਕੇ , ਅੰਦਰ ਵੜ ਜਾਵੇ ਕਿ ਮੈਂ ਸੋਚਿਆ ਜਾਂਦਾ ਹੋਇਆ ਮਿਲ ਹੀ ਜਾਵਾਂ’।

Gee98 Ads
error: Content is protected !!