Gee 98News

ਪੰਜਾਬ ਦੇ ਚੋਟੀ ਦੇ ਸਿਆਸੀ ਆਗੂ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਨਿਸ਼ਾਨੇ ’ਤੇ

-ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਕੀਤਾ ਅਲਰਟ

ਬਰਨਾਲਾ, 20 ਅਗਸਤ (ਨਿਰਮਲ ਸਿੰੰਘ ਪੰਡੋਰੀ ) :

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀਆਈਪੀਜ਼ ਦੀ ਸੁਰੱਖਿਆ ਦੇ ਮਾਮਲੇ ’ਚ ਕਸੂਤੀ ਸਥਿਤੀ ਵਿੱਚ ਫਸਦੀ ਨਜ਼ਰ ਆ ਰਹੀ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ ਸੂਬੇ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਪੰਜਾਬ ਦੇ 10 ਚੋਟੀ ਦੇ ਸਿਆਸੀ ਆਗੂਆਂ ਦੇ ਨਾਮ ਭੇਜੇ ਹਨ ਅਤੇ ਅਲਰਟ ਕੀਤਾ ਹੈ ਕਿ ਇਨ੍ਹਾਂ ਆਗੂਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇ ਕਿਉਂਕਿ ਇਨ੍ਹਾਂ ਆਗੂੁਆਂ ਦੀ ਜਾਨ ਨੂੰ ਗੈਂਗਸਟਰਾਂ ਤੇ ਅੱਤਵਾਦੀਆਂ ਤੋਂ ਖ਼ਤਰਾ ਹੈ। ਇਸ ਸੂਚੀ ਵਿੱਚ ਬਹੁਤੇ ਉਹ ਆਗੂ ਹਨ ਜਿਨ੍ਹਾਂ ਦੀ ਸੁਰੱਖਿਆ ਮਾਨ ਸਰਕਾਰ ਵੱਲੋਂ ਮਈ ਮਹੀਨੇ ਦੇ ਆਖ਼ਰੀ ਦਿਨਾਂ ’ਚ ਵਾਪਸ ਲਈ ਗਈ ਸੀ ਜਾਂ ਘੱਟ ਕਰ ਦਿੱਤੀ ਗਈ ਸੀ। ਇਨ੍ਹਾਂ ਆਗਆਂ ਨੇ ਆਪਣੀ ਸੁਰੱਖਿਆ ਕਟੌਤੀ ਉੱਪਰ ਕਾਫੀ ਰੌਲਾ ਪਾਇਆ ਸੀ ਪ੍ਰੰਤੂ ਸਰਕਾਰ ਨੇ ਕਿਸੇ ਆਗੂ ਦੀ ਨਹੀਂ ਸੁਣੀ। ਸੁਰੱਖਿਆ ਮੁਲਾਜ਼ਮਾਂ ਦੀ ਕਟੌਤੀ ਤੋਂ ਬਾਅਦ ਜਦ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਸੂਬਾ ਸਰਕਾਰ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਅਲੋਚਨਾ ਦੇ ਇਸ ਦਾਇਰੇ ’ਚੋ ਮਾਨ ਸਰਕਾਰ ਅਜੇ ਤੱਕ ਵੀ ਬਾਹਰ ਨਹੀਂ ਨਿੱਕਲ ਸਕੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਕੁਝ ਕਾਤਲ ਅਜੇ ਵੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ। ਕੇਂਦਰੀ ਖੁਫੀਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਜੇਕਰ ਮਾਨ ਸਰਕਾਰ ਏਜੰਸੀਆਂ ਦੀ ਸੂਚੀ ’ਚ ਦਰਜ ਸਿਆਸੀ ਆਗੂਆਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੰਦੀ ਤਾਂ ਕਿਸੇ ਵੀ ਵਾਪਰਨ ਵਾਲੀ ਮਾੜੀ ਘਟਨਾ ਲਈ ਸਿੱਧੇ ਤੌਰ ’ਤੇ ਸਰਕਾਰ ਜ਼ਿੰਮੇਵਾਰ ਮੰਨੀ ਜਾਵੇਗੀ ਪ੍ਰੰਤੂ ਜੇਕਰ ਸਰਕਾਰ ਇਨ੍ਹਾਂ ਆਗੂੁਆਂ ਦੀ ਸੁਰੱਖਿਆ ਵਧਾ ਦਿੰਦੀ ਹੈ ਤਾਂ ਮਈ ਮਹੀਨੇ ਸੁਰੱਖਿਆ ਵਾਪਸ ਲੈਣ ਦੇ ਆਪਣੇ ਫੈਸਲੇ ਦੀ ਅਲੋਚਨਾ ਨੂੰ ਸਰਕਾਰ ਆਪਣੇ ਆਪ ਹੀ ਸਹੀ ਸਿੱਧ ਕਰ ਦੇਵੇਗੀ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕੇਂਦਰੀ ਖੁਫੀਆ ਏਜੰਸੀਆਂ ਦੇ ਅਲਰਟ ਨੂੰ ਗੰਭੀਰਤਾ ਨਾਲ ਲੈਂਦੀ ਹੈ ਜਾਂ ਆਪਣੇ ਫੈਸਲੇ ’ਤੇ ਦਿ੍ੜ ਰਹਿੰਦੀ ਹੈ।

Gee98 Ads
error: Content is protected !!