Gee 98News

ਕੌੜਤੂਬਾ ਭਾਗ -3 : ਹਕੂਮਤੀ ਮਿਹਰਬਾਨੀ ਸਦਕਾ ਝੜ ਕੇ ਜੁੜ ਰਹੇ ਹਨ ਪਿੱਪਲ ਦੇ ਪੱਤੇ

ਕੌੜਤੂਬਾ ਭਾਗ -3 : ਹਕੂਮਤੀ ਮਿਹਰਬਾਨੀ ਸਦਕਾ ਝੜ ਕੇ ਜੁੜ ਰਹੇ ਹਨ ਪਿੱਪਲ ਦੇ ਪੱਤੇ

ਬਰਨਾਲਾ, 6 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ’ਚ ਇਹ ਧਾਰਨਾ ਬਣੀ ਹੋਈ ਹੈ ਕਿ ਸੂਬੇ ਦੀ ਜਵਾਨੀ ਸੱਤ ਸਮੁੰਦਰਾਂ ਤੋਂ ਪਾਰ ਜਾਣ ਲਈ ਤਰਲੋਮੱਛੀ ਹੋ ਰਹੀ ਹੈ ਅਤੇ ਬਹੁ-ਗਿਣਤੀ ਪਿੰਡਾਂ /ਸ਼ਹਿਰਾਂ ’ਚੋਂ ਨੌਜਵਾਨ ਮੁੰਡੇ/ਕੁੜੀਆਂ ਵਿਦੇਸ਼ ਜਾ ਵੀ ਚੁੱਕੇ ਹਨ। ਪੰਜਾਬ ਦੀ ਨੌਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ ਹੋਣ ਪਿੱਛੇ ਕਈ ਤਰਕ ਦਿੱਤੇ ਜਾ ਰਹੇ ਹਨ, ਜਿਨਾਂ ਵਿੱਚੋਂ ਇੱਕ ਤਰਕ ਪੰਜਾਬ ’ਚ ਉੱਚ ਡਿੱਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਸਰਕਾਰੀ ਨੌਕਰੀ ਨਹੀਂ ਮਿਲਣਾ ਹੈ। ਸੂਬੇ ’ਚ ਸੱਤਾ ਪਰਿਵਰਤਨ ਤੋਂ ਬਾਅਦ ਨਵੀਂ ਸਰਕਾਰ ਦੇ ਮੁਖੀ ਨੇ ਬਾਹਰ ਜਾ ਰਹੀ ਨੌਜਵਾਨੀ ਨੂੰੂ ਰੋਕਣ ਲਈ ਉਪਰਾਲੇ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਅਜਿਹਾ ਰੰਗਲਾ ਪੰਜਾਬ ਬਣੇਗਾ ਜਿੱਥੇ ਅੰਗਰੇਜ਼ ਵੀ ਨੌਕਰੀ ਕਰਨ ਆਉਣਗੇ ਪ੍ਰੰਤੂ ਸਰਕਾਰ ਦੇ ਕੁਝ ਅਜੀਬ ਫ਼ੈਸਲੇ ਸਪੱਸ਼ਟ ਸੰਕੇਤ ਦੇ ਰਹੇ ਹਨ ਕਿ ਅੰਗਰੇਜ਼ਾਂ ਦਾ ਆਉਣਾ ਤਾਂ ਦੂਰ ਦੀ ਗੱਲ ਸਗੋਂ ਵਿਦੇਸ਼ਾਂ ਵੱਲ ਜਾ ਰਹੀ ਜਵਾਨੀ ਨੂੰ ਰੋਕਣਾ ਸੰਭਵ ਨਹੀਂ ਹੈ ਕਿਉਂਕਿ ਸੂਬੇ ’ਚ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਸੰੰਬੰਧੀ ਸਰਕਾਰ ਦੀਆਂ ਨੀਤੀਆਂ ਪੜੇ ਲਿਖੇ ਮੁੰਡੇ/ਕੁੜੀਆਂ ਦੇ ਮੇਚ ਦੀਆਂ ਨਹੀਂ ਹਨ ਸਗੋਂ ਸਰਕਾਰੀ ਨੀਤੀਆਂ ਉਮਰ ਵਿਹਾ ਚੁੱਕੇ ਸੇਵਾ ਮੁਕਤ ਬਜ਼ੁਰਗਾਂ ਨੂੰ ਦੁਬਾਰਾ ਸਰਕਾਰੀ ਨੌਕਰੀ ਦੇ ਕੇ ਨੌਜਵਾਨੀ ਨੂੰ ਦੁਰਕਾਰਨ ਵਾਲੀਆਂ ਹਨ। ਸੇਵਾ ਮੁਕਤ ਪਟਵਾਰੀਆਂ , ਸੇਵਾ ਮੁਕਤ ਡਾਕਟਰਾਂ ਨੂੰ ਨੌਕਰੀ ’ਤੇ ਰੱਖਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਸੇਵਾ ਮੁਕਤ ਲੈਕਚਰਾਰ ਰੱਖਣ ਜਾ ਰਹੀ ਹੈ ਜਿਹੜੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਪੜਾਈ ਕਰਵਾਉਣਗੇ। ਸਰਕਾਰ ਦਾ ਤਰਕ ਹੈ ਕਿ ਇਹ ਸੇਵਾ ਮੁਕਤ ਲੈਕਚਰਾਰ ਕੁਝ ਸਮੇਂ ਲਈ ਹੀ ਰੱਖੇ ਜਾ ਰਹੇ ਹਨ ਅਤੇ ਫਿਰ ਨਵੇਂ ਲੈਕਚਰਾਰ ਭਰਤੀ ਕੀਤੇ ਜਾਣਗੇ।

Gee98 Ads

ਸਵਾਲ ਉਠਦਾ ਹੈ ਕਿ ਨਵੇਂ ਲੈਕਚਰਾਰਾਂ ਦੀ ਭਰਤੀ ਤੱਕ ਸੇਵਾ ਮੁਕਤ ਲੈਕਚਰਾਰਾਂ ਨੂੰ ਕਿਉਂ ਰੱਖਿਆ ਜਾ ਰਿਹਾ ਹੈ ਜਦਕਿ ਪੜੇ ਲਿਖੇ ਨੌਜਵਾਨ ਮੁੰਡੇ/ ਕੁੜੀਆਂ ਨੌਕਰੀ ਦੀ ਤਲਾਸ਼ ਵਿੱਚ ਭਟਕਦੇ ਫਿਰਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਦੇਸ਼ ਚਲਾਉਣ ਲਈ ਵੱਡੀ ਉਮਰ ਦੇ ਨੇਤਾਵਾਂ ਨੂੰ ਸਿਆਸਤ ਤੋਂ ਸੇਵਾ ਮੁਕਤੀ ਲੈ ਕੇ ਨੌਜਵਾਨਾਂ ਦੇ ਹੱਥ ਦੇਸ਼ ਦੀ ਵਾਗਡੋਰ ਫੜਾ ਦੇਣੀ ਚਾਹੀਦੀ ਹੈ ਪ੍ਰੰਤੂ ਹੈਰਾਨੀ ਹੁੰਦੀ ਹੈ ਜਦ ਇਨਾਂ ਨੇਤਾਵਾਂ ਵੱਲੋਂ ਪ੍ਰਸਾਸ਼ਨਿਕ ਕੰਮਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਸੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ ਨੂੰ ਵਾਰ-ਵਾਰ ਮੌਕਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਬਹੁਤੇ ਵਿਭਾਗਾਂ ਵਿੱਚ ਆਉਣ ਵਾਲੇ ਕੁਝ ਸਾਲਾਂ ’ਚ ਵੱਡੀ ਗਿਣਤੀ ਵਿੱਚ ਕਰਮਚਾਰੀ ਸੇਵਾ ਮੁਕਤ ਹੋਣ ਜਾ ਰਹੇ ਹਨ। ਸਰਕਾਰਾਂ ਦੀਆਂ ਨੀਤੀਆਂ ਮੁਤਾਬਿਕ ਇਨਾਂ ਕਰਮਚਾਰੀਆਂ ਦੇ ਮਨਾਂ ’ਚ ਦੁਬਾਰਾ ਨੌਕਰੀ ਦੇ ਲੱਡੂ ਫੁੱਟਣ ਲੱਗ ਪਏ ਹੋਣਗੇ ਕਿਉਂਕਿ ਸਰਕਾਰਾਂ ਪੜੇ ਲਿਖੇ ਲੋੜਵੰਦ ਨੌਜਵਾਨਾਂ ਦੀ ਥਾਂ ਸੇਵਾ ਮੁਕਤ ਕਰਮਚਾਰੀਆਂ ਨੂੰ ਵਾਰ-ਵਾਰ ਸਮਾਂ ਦੇ ਰਹੀ ਹੈ। ਜੇਕਰ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਸਰਕਾਰ ਦੀਆਂ ਇਹੀ ਨੀਤੀਆਂ ਰਹੀਆਂ ਤਾਂ ਪੰਜਾਬ ਤੋਂ ਵਿਦੇਸ਼ਾਂ ਨੂੰ ਜਾ ਰਹੀ ਜਵਾਨੀ ਦੀ ਕਤਾਰ ਹੋਰ ਲੰਮੇਰੀ ਹੋਣ ਦੇ ਆਸਾਰ ਹਨ। ਪੁਰਾਣਿਆਂ ਤੋਂ ਨਵਿਆਂ ਦੀ ਆਮਦ ਸੰਬੰਧੀ ਅਕਸਰ ਕਿਹਾ ਜਾਂਦਾ ਹੈ ਕਿ ‘‘ਪਿੱਪਲ ਦੇ ਪੱਤਿਆ ਵੇ ਕਿਉਂ ਖੜਖੜ ਲਾਈ ਆਂ, ਝੜ ਗਏ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆਂ’’ ਪ੍ਰੰਤੂ ਪੰਜਾਬ ’ਚ ਸਰਕਾਰੀ ਨੌਕਰੀ ਦੇ ਮਾਮਲੇ ’ਚ ਨਵਿਆਂ ਦੀ ਰੁੱਤ ਪਤਾ ਨਹੀਂ ਕਦੋਂ ਆਵੇਗੀ ਕਿਉਂਕਿ ਅਜੇ ਤਾਂ ਸਰਕਾਰੀ ਮੇਹਰਬਾਨੀਆਂ ਸਦਕਾ ਪੁਰਾਣੇ ਪੱਤੇ ਹੀ ਝੜ-ਝੜ ਕੇ ਦੁਬਾਰਾ ਜੁੜ ਰਹੇ ਹਨ।

error: Content is protected !!