Gee 98News

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਬੀਕੇਯੂ ਉਗਰਾਹਾਂ ਬਰਨਾਲਾ ਵਿਖੇ ਕਰੇਗੀ ਵੱਡਾ ਇਕੱਠ

ਬਰਨਾਲਾ 6 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਿੰਡ ਚੀਮਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ 28 ਸਤੰਬਰ ਨੂੰ ਬਰਨਾਲਾ ਵਿਖੇ ਵਿਸ਼ਾਲ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੁਝ ਮੌਕਾਪ੍ਰਸਤ ਰਾਜਨੀਤਕ ਆਗੂਆਂ, ਸਾਮਰਾਜੀ ਕਾਰਪੋਰੇਟਾਂ ਦੇ ਝੋਲੀਚੁੱਕ ਬੁੱਧੀਜੀਵੀਆਂ ਅਤੇ ਹਕੂਮਤਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਨੂੰ ਫਿਰਕੂ ਤੇ ਜਾਤਪਾਤੀ ਨਫਰਤਾਂ ਦੀ ਭੇਂਟ ਚਾੜਨ ਦੇ ਕੋਝੇ ਯਤਨਾਂ ਨੂੰ ਨਾਕਾਮ ਕਰਨ ਦੇ ਹੋਕੇ ਤਹਿਤ 28 ਸਤੰਬਰ ਨੂੰੂ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਵਾਰਸਾਂ ਦਾ ਵੱਡਾ ਇਕੱਠ ਹੋਵੇਗਾ। ਮੀਟਿੰਗ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲੁਟੇਰਿਆਂ ਪੱਖੀ ਤਾਕਤਾਂ ਦੇ ਸਾਰੇ ਪਾਟਕ ਪਾਊ ਮਨਸੂਬਿਆਂ ਨੂੰ ਜਨਤਕ ਏਕਤਾ ਤੇ ਸੰਘਰਸ ਦੇ ਜ਼ੋਰ ਪੈਰਾਂ ਹੇਠਾਂ ਰੋਲਦਿਆਂ ਸ਼ਾਨ ਨਾਲ ਜਿੱਤੇ ਗਏ ਕਿਸਾਨ ਘੋਲ ਦੀ ਬਦੌਲਤ ਨੌਜਵਾਨਾਂ ਸਮੇਤ ਆਮ ਲੋਕਾਂ ਅੰਦਰ ਪੈਦਾ ਹੋਈ ਬਦਲਵੇਂ ਲੁੱਟ-ਰਹਿਤ ਰਾਜ ਪ੍ਰਬੰਧ ਦੀ ਤਾਂਘ ਨੂੰ ਸ਼ਹੀਦ ਭਗਤ ਸਿੰਘ ਦੀ ਸਾਮਰਾਜ-ਵਿਰੋਧੀ ਸੋਚ ਦੀ ਪਾਣ ਚਾੜ ਕੇ ਹੀ ਖਰੀ ਇਨਕਲਾਬੀ ਲੋਕ-ਲਹਿਰ ਉਸਾਰੀ ਜਾ ਸਕਦੀ ਹੈ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਖਾਸ ਕਰਕੇ ਨੌਜਵਾਨਾਂ ਨੂੰ ਸ਼ਹੀਦ ਦੇ ਜਨਮ ਦਿਹਾੜੇ ਤੇ ਵਹੀਰਾਂ ਘੱਤ ਕੇ 28 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਪੁੱਜਣ ਦਾ ਸੱਦਾ ਦਿੱਤਾ ਤਾਂ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ ਕਰਨ ਦਾ ਸ਼ਹੀਦ ਦਾ ਸੁਪਨਾ ਪੂਰਾ ਕੀਤਾ ਜਾ ਸਕੇ।

error: Content is protected !!